INDIA

ਇੰਡੀਆ ਗਠਜੋੜ ਦੀ ਤਾਲਮੇਲ ਕਮੇਟੀ ਦੀ ਬੈਠਕ ਸਮਾਪਤ, ਕਾਂਗਰਸ ਨੇ ਆਖਿਆ- ਸਾਡਾ ਸੰਕਲਪ ਲੋਕਤੰਤਰ ਦੀ ਰੱਖਿਆ

ਚੰਡੀਗੜ੍ਹ, 13 ਸਤੰਬਰ 2023: ਵਿਰੋਧੀ ਗਠਜੋੜ ਇੰਡੀਆ (I.N.D.I.A.) ਦੀ ਤਾਲਮੇਲ ਕਮੇਟੀ ਦੀ ਪਹਿਲੀ ਬੈਠਕ ਬੁੱਧਵਾਰ (13 ਸਤੰਬਰ) ਨੂੰ ਰਾਜਧਾਨੀ ਦਿੱਲੀ ‘ਚ ਸ਼ਰਦ ਪਵਾਰ ਦੀ ਰਿਹਾਇਸ਼ ‘ਤੇ ਸਮਾਪਤ ਹੋ ਚੁੱਕੀ ਹੈ । ਜਿਸ ‘ਚ ਕਾਂਗਰਸ ਨੇਤਾ ਕੇਸੀ ਵੇਣੂਗੋਪਾਲ, ਤੇਜਸਵੀ ਯਾਦਵ, ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ, ਸ਼ਿਵ ਸੈਨਾ (ਯੂਬੀਟੀ) ਨੇਤਾ ਸੰਜੇ ਰਾਉਤ ਅਤੇ ਰਾਘਵ ਚੱਢਾ ਸਮੇਤ ਕਮੇਟੀ ਦੇ 14 ‘ਚੋਂ 12 ਮੈਂਬਰ ਮੌਜੂਦ ਸਨ। ਟੀਐਮਸੀ ਆਗੂ ਅਭਿਸ਼ੇਕ ਬੈਨਰਜੀ ਮੌਕੇ ’ਤੇ ਨਹੀਂ ਪੁੱਜੇ।

ਬੈਠਕ ਖ਼ਤਮ ਹੋਣ ਤੋਂ ਬਾਅਦ ਕਾਂਗਰਸ ਨੇ ਟਵਿੱਟਰ ‘ਤੇ ਲਿਖਿਆ- ਅਸੀਂ ਮਿਲ ਕੇ ਲੋਕਤੰਤਰ ਦੀ ਰੱਖਿਆ ਦਾ ਸੰਕਲਪ ਲਿਆ ਹੈ, ਅਸੀਂ ਇਸ ਨੂੰ ਜ਼ਰੂਰ ਪੂਰਾ ਕਰਾਂਗੇ। ਜੁੜੇਗਾ ਭਾਰਤ, ਜਿੱਤੇਗਾ I.N.D.I.A। ਇੰਡੀਆ ਕੋਆਰਡੀਨੇਸ਼ਨ ਕਮੇਟੀ ਜਲਦੀ ਹੀ ਇੱਕ ਪ੍ਰੈਸ ਕਾਨਫਰੰਸ ਕਰੇਗੀ।

ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਬੈਠਕ ‘ਚ ਆਗੂਆਂ ਨੇ ਸੀਟ ਸ਼ੇਅਰਿੰਗ ਫਾਰਮੂਲਾ ਜਲਦ ਤੈਅ ਕਰਨ ਲਈ ਕਿਹਾ ਹੈ। ਲੋਕ ਸਭਾ ਸੀਟਾਂ ‘ਤੇ ਭਾਜਪਾ ਉਮੀਦਵਾਰਾਂ ਦੇ ਖ਼ਿਲਾਫ਼ ਵਿਰੋਧੀ ਧਿਰ ਦਾ ਸਾਂਝਾ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ ਜਾਂ ਨਹੀਂ ਇਹ ਤੈਅ ਹੋਣਾ ਅਜੇ ਬਾਕੀ ਹੈ। ਕਈ ਆਗੂਆਂ ਨੇ ਕਿਹਾ ਕਿ ਸੀਟ ਦੀ ਵੰਡ ਲਈ ਕਿਸੇ ਨੂੰ ਆਪਣਾ ਸਵਾਰਥ ਤਿਆਗਣਾ ਪਵੇਗਾ।

ਦੂਜੇ ਪਾਸੇ ਭਾਜਪਾ ਆਗੂ ਸੰਬਿਤ ਪਾਤਰਾ ਨੇ 13 ਸਤੰਬਰ ਨੂੰ ਆਈ.ਐਨ.ਡੀ.ਆਈ.ਏ. ਦੀ ਤਾਲਮੇਲ ਕਮੇਟੀ ਦੀ ਮੀਟਿੰਗ ਨੂੰ ਹਿੰਦੂ ਵਿਰੋਧੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸੀਟ ਸ਼ੇਅਰਿੰਗ ਮੀਟਿੰਗ ਨਹੀਂ ਹੈ। ਇਸ ਦਾ ਉਦੇਸ਼ ਹਿੰਦੂ ਧਰਮ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਹਿੰਦੂ ਧਰਮ ਨੂੰ ਡੇਂਗੂ ਅਤੇ ਮਲੇਰੀਆ, ਕੋਰੋਨਾ ਅਤੇ ਏਡਜ਼ ਕਿਹਾ। ਉਹ ਹਿੰਦੂ ਧਰਮ ਦੀ ਤੁਲਨਾ ਅਜਿਹੀਆਂ ਬਿਮਾਰੀਆਂ ਨਾਲ ਕਰਦੇ ਹਨ। ਇਹ ਸਾਡੇ ਸਮਾਜ ਲਈ ਖ਼ਤਰਾ ਹੈ। ਇਸ ਦੇ ਜਵਾਬ ਵਿੱਚ ਸੰਜੇ ਰਾਉਤ ਨੇ ਕਿਹਾ ਕਿ ਇਸ ਦੇਸ਼ ਵਿੱਚ ਕੋਈ ਵੀ ਹਿੰਦੂ ਵਿਰੋਧੀ ਨਹੀਂ ਹੈ। ਇਸ ਦੇਸ਼ ਵਿੱਚ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ।

Scroll to Top