ਚੰਡੀਗੜ੍ਹ, 27 ਜਨਵਰੀ, 2024: ਉੱਤਰ ਪ੍ਰਦੇਸ਼ (Uttar Pradesh) ਵਿੱਚ ਇੰਡੀਆ ਗਠਜੋੜ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੀਟਾਂ ਲਈ ਸਹਿਮਤੀ ਬਣੀ ਹੈ । ਕਾਂਗਰਸ ਉੱਤਰ ਪ੍ਰਦੇਸ਼ ਦੀਆਂ 11 ਸੀਟਾਂ ‘ਤੇ ਚੋਣ ਲੜੇਗੀ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਸ਼ਨੀਵਾਰ ਨੂੰ ਪੋਸਟ ਕਰਦੇ ਹੋਏ ਅਖਿਲੇਸ਼ ਯਾਦਵ ਨੇ ਲਿਖਿਆ ਕਿ 11 ਮਜ਼ਬੂਤ ਸੀਟਾਂ ਨਾਲ ਕਾਂਗਰਸ ਦੇ ਨਾਲ ਸਾਡਾ ਸੁਹਿਰਦ ਗਠਜੋੜ ਚੰਗੀ ਸ਼ੁਰੂਆਤ ਕਰ ਰਿਹਾ ਹੈ। ਇਹ ਰੁਝਾਨ ਜਿੱਤ ਦੇ ਸਮੀਕਰਨ ਨਾਲ ਅੱਗੇ ਵੀ ਜਾਰੀ ਰਹੇਗਾ। ‘ਇੰਡੀਆ ‘ ਦੀ ਟੀਮ ਅਤੇ ‘ਪੀਡੀਏ’ ਦੀ ਰਣਨੀਤੀ ਇਤਿਹਾਸ ਨੂੰ ਬਦਲ ਦੇਵੇਗੀ।
ਜਿਕਰਯੋਗ ਹੈ ਕਿ 17 ਜਨਵਰੀ ਨੂੰ ਸੀਟ ਵੰਡ (Uttar Pradesh) ਨੂੰ ਲੈ ਕੇ ਗਠਜੋੜ ਦੀ ਭਾਈਵਾਲ ਕਾਂਗਰਸ ਅਤੇ ਸਪਾ ਵਿਚਾਲੇ ਦਿੱਲੀ ‘ਚ ਬੈਠਕ ਹੋਈ ਸੀ ਪਰ ਬੈਠਕ ‘ਚ ਕੋਈ ਨਤੀਜਾ ਨਹੀਂ ਨਿਕਲ ਸਕਿਆ ਸੀ। ਬੈਠਕ ਖਤਮ ਹੋਣ ਤੋਂ ਬਾਅਦ ਕਾਂਗਰਸ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ ਸੀ ਕਿ ਸਪਾ ਨਾਲ ਇਕ ਹੋਰ ਬੈਠਕ ਹੋਣੀ ਹੈ। ਜੇਕਰ ਗੱਲ ਨਾ ਬਣੀ ਤਾਂ ਕਾਂਗਰਸ ਆਗੂ ਰਾਹੁਲ ਗਾਂਧੀ ਜਾਂ ਮਲਿਕਾਰਜੁਨ ਖੜਗੇ ਅਖਿਲੇਸ਼ ਯਾਦਵ ਨਾਲ ਗੱਲ ਕਰਨਗੇ।