Freedom Fighters

ਸੁਤੰਤਰਤਾ ਦਿਹਾੜਾ ਆਜ਼ਾਦੀ ਪ੍ਰਵਾਨਿਆਂ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ: ਅਮਨ ਅਰੋੜਾ

ਐੱਸ ਏ ਐੱਸ ਨਗਰ, 15 ਅਗਸਤ, 2023: ਪੰਜਾਬ ਦੇ ਰੁਜ਼ਗਾਰ ਉਤਪਤੀ, ਨਵੇਂ ਅਤੇ ਨਵਿਆਉਣਯੋਗ ਊਰਜਾ ਸ੍ਰੋਤ, ਪ੍ਰਸ਼ਾਸਨਿਕ ਸੁਧਾਰ, ਛਪਾਈ ਤੇ ਲਿਖਣ ਸਮੱਗਰੀ ਵਿਭਾਗਾਂ ਦੇ ਮੰਤਰੀ ਅਮਨ ਅਰੋੜਾ ਨੇ ਅੱਜ ਮੋਹਾਲੀ ਦੇ ਮੇਜਰ (ਸ਼ਹੀਦ) ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਵਿਖੇ ਦੇਸ਼ ਦੇ 77ਵੇਂ ਆਜ਼ਾਦੀ ਦਿਵਸ ਮੌਕੇ ਕੌਮੀ ਝੰਡਾ ਲਹਿਰਾਇਆ।

ਉਨ੍ਹਾਂ ਇਸ ਮੌਕੇ ਆਖਿਆ ਕਿ ਆਜ਼ਾਦੀ ਦਿਹਾੜਾ ਸਾਨੂੰ ਦੇਸ਼ ਦੇ ਮਹਾਨ ਆਜ਼ਾਦੀ ਪ੍ਰਵਾਨਿਆਂ (Freedom Fighters) ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਦੇਸ਼ ਦੀ ਆਜ਼ਾਦੀ ਦੀ ਉਸ ਮਹਾਨ ਲੜਾਈ ’ਚ ਜੇ ਸਭ ਤੋਂ ਵੱਧ ਕਿਸੇ ਦੀਆਂ ਕੁਰਬਾਨੀਆਂ ਰਹੀਆਂ ਤਾਂ ਉਹ ਪੰਜਾਬੀਆਂ ਦੀਆਂ ਰਹੀਆਂ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ ਸੁਨਾਮ ਦੀ ਗੱਲ ਕਰ ਲਈਏ ਤਾਂ ਅਜਿਹੀਆਂ ਹਜ਼ਾਰਾਂ ਮਿਸਾਲਾਂ ਨੇ, ਜਿੱਥੇ ਪੰਜਾਬ ਦੇ ਜੰਮਿਆਂ ਨੇ ਆਪਣੀਆਂ ਜਾਨਾਂ ਤੋਂ ਵਾਰ ਦਿੱਤੀਆਂ।

ਉਨ੍ਹਾਂ ਕਿਹਾ ਕਿ ਅੱਜ ਇਸ ਗੱਲ ਖੁਸ਼ੀ ਤੇ ਮਾਣ ਹੈ, ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਬਣੀ ਸਰਕਾਰ ਨੇ ਪਿਛਲੇ ਸਾਲ 16 ਮਾਰਚ 2022 ਨੂੰ ਰਾਜ ਭਵਨ ਜਾਂ ਹੋਰ ਕਿਧਰੇ ਨਹੀਂ ਬਲਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਪਾਵਨ ਭੂਮੀ ਖਟਕੜ ਕਲਾਂ ਨੂੰ ਮੱਥਾ ਟੇਕ ਸਹੁੰ ਚੁੱਕੀ। ਇਹ ਵੀ ਪਹਿਲੀ ਵਾਰ ਹੋਇਆ ਕਿ ਲੀਡਰਾਂ ਦੀ ਥਾਂ ’ਤੇ ਸਰਦਾਰ ਭਗਤ ਸਿੰਘ ਤੇ ਡਾ. ਬੀ ਆਰ ਅੰਬੇਦਕਰ ਦੀਆਂ ਫੋਟੋਆਂ ਦਫ਼ਤਰਾਂ ਦੀਆਂ ਸ਼ਾਨ ਵਧਾ ਰਹੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਵੱਲੋਂ ਚੁਣੀ ਭਗਵੰਤ ਮਾਨ ਸਰਕਾਰ ਆਪਣੇ ਸ਼ਹੀਦਾਂ (Freedom Fighters) ਅਤੇ ਮਹਾਨ ਸਖਸ਼ੀਅਤਾਂ ਨੂੰ ਕਿਸ ਹੱਦ ਤੱਕ ਸਮਰਪਿਤ ਹੈ।

ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਹਰੇਕ ਜ਼ਿਲ੍ਹੇ ਅਤੇ ਪ੍ਰਮੁੱਖ ਪਾਰਕਾਂ ’ਚ ਉਸ ਜ਼ਿਲ੍ਹੇ ਦੇ ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ  (Freedom Fighters) ਦੀਆਂ ਫੋਟੋਆਂ ਲੱਗਣਗੀਆਂ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਉਹ ਕਿਸ ਮਹਾਨ ਵਿਰਾਸਤ ਦੇ ਵਾਰਿਸ ਹਨ ਅਤੇ ਕਿੰਨੀ ਘਾਲਣਾ ਤੋਂ ਬਾਅਦ ਆਜ਼ਾਦੀ ਪ੍ਰਾਪਤ ਹੋੋਈ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਦੇਸ਼ ਤੋਂ ਪੰਜਾਬ ਦਾ ਕੋਈ ਹਥਿਆਰਬੰਦ ਬਲ ਜਾਂ ਸੈਨਿਕ ਆਪਣੀ ਜਾਨ ਵਾਰਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਉਸ ਦੇ ਪਰਿਵਾਰ ਨੂੰ ਦਿੱਤਾ ਜਾਣ ਵਾਲਾ ਮਾਣ ਭੱਤਾ ਵਧਾ ਕੇ ਇੱਕ ਕਰੋੜ ਰੁਪਏ ਦਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਥਿਆਰਬੰਦ ਦਸਤਿਆਂ ’ਚ ਡਿਊਟੀ ਦੌਰਾਨ ਮੌਤ ਹੋ ਜਾਣ ’ਤੇ ਪਰਿਵਾਰ ਨੂੰ 25 ਲੱਖ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਦਾ ਫੈਸਲਾ ਲੈਣ ਤੋਂ ਇਲਾਵਾ ਦਿਵਿਆਂਗ ਹੋਣ ’ਤੇ ਦਿੱਤੀ ਜਾਂਦੀ ਐਕਸ-ਗ੍ਰੇਸ਼ੀਆ ਗ੍ਰਾਂਟ ਵੀ ਦੁੱਗਣੀ ਕਰ ਦਿੱਤੀ ਗਈ ਹੈ।

ਭਗਵੰਤ ਮਾਨ ਸਰਕਾਰ ਵੱਲੋਂ ਦੇਸ਼ ਅਤੇ ਪੰਜਾਬ ਤੋਂ ਆਪਣੀਆਂ ਜਾਨਾਂ ਵਾਰਨ ਵਾਲਿਆਂ (Freedom Fighters) ਦੇ ਸੁਫ਼ਨਿਆਂ ਦਾ ਪੰਜਾਬ ਸਿਰਜਣ ਦੀ ਲੜੀ ’ਚ ਪਿਛਲੇ ਸਵਾ ਸਾਲ ’ਚ ਭਿ੍ਰਸ਼ਟਾਚਾਰ ਦੇ ਘੁਣ ਨੂੰ ਖਤਮ ਕਰਦਿਆਂ 400 ਦੇ ਕਰੀਬ ਸਿਆਸਤਦਾਨ, ਅਫ਼ਸਰ, ਮੁਲਾਜ਼ਮ, ਅਤੇ ਹੋਰ ਵੱਡੇ-ਛੋਟੇ ਲੋਕ ਗਿ੍ਰਫ਼ਤਾਰ ਕੀਤੇ ਗਏ।

ਕਰੀਬ ਸਾਢੇ ਗਿਆਰਾਂ ਹਜ਼ਾਰ ਏਕੜ ਤੋਂ ਵੱਧ ਸਰਕਾਰੀ ਜ਼ਮੀਨਾਂ ਤੋਂ ਰਸੂਖਦਾਰਾਂ ਦੇ ਨਜਾਇਜ਼ ਕਬਜ਼ੇ ਵੀ ਪਹਿਲੀ ਵਾਰ ਹਟਾਏ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਸਵਾ ਸਾਲ ’ਚ ਸਾਰੇ ਹੀ ਕੰਮ ਕਰ ਦਿੱਤੇ ਪਰ ਇੱਕ ਇਮਾਨਦਾਰ ਤੇ ਨੇਕ ਸਰਕਾਰ ਦਾ ਵਾਅਦਾ ਭਗਵੰਤ ਮਾਨ ਦੀ ਅਗਵਾਈ ’ਚ ਚੱਲ ਰਹੀ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਜਿਹੜਾ ਪੈਸਾ ਕਦੇ ਭਿ੍ਰਸ਼ਟ ਸਿਆਸਤਦਾਨਾਂ ਦੀ ਜੇਬ੍ਹ ’ਚ ਜਾਂਦਾ ਸੀ ਅੱਜ ਉਹ ਸਿਹਤ ਅਤੇ ਸਿਖਿਆ ’ਤੇੇ ਖਰਚਿਆ ਜਾ ਰਿਹਾ ਹੈ।

ਸਵਾ ਸਾਲ ’ਚ 660 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿੱਥੇ 44 ਲੱਖ ਲੋੜਵੰਦ ਤੇ ਗਰੀਬ ਲੋਕਾਂ ਨੂੰ ਮੁਫ਼ਤ ਇਲਾਜ, ਦਵਾਈਆਂ ਅਤੇ ਟੈਸਟ ਸਹੂਲਤਾਂ ਦਿੱਤੀਆਂ ਜਾ ਚੁੱਕੀਆਂ ਹਨ। ਸਿਖਿਆ ਜਿਹੜੀ ਕਿਸੇ ਵੀ ਸਮਾਜ ਨੂੰ ਬੁਲੰਦੀਆਂ ਵੱਲ ਲਿਜਾਣ ਦੀ ਅਹਿਮ ਕੜੀ ਹੈ, ਨੂੰ ਪਿਛਲੀਆਂ ਸਰਕਾਰਾਂ ਵੱਲੋਂ ਵਿਸਾਰ ਦਿੱਤਾ ਗਿਆ ਸੀ, ਅੱਜ ਪੰਜਾਬ ਵਿੱਚ 117 ਸਕੂਲ ਆਫ਼ ਐਮੀਨੈਂਸ ਤਿਆਰ ਹੋ ਰਹੇ ਹਨ। ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸਿੰਘਾਪੁਰ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। ਆਮ ਘਰਾਂ ਦੇ ਧੀ-ਪੁੱਤ ਆਈ ਏ ਐਸ ਬਣਾਉਣ ਦੇ ਮੰਤਵ ਨਾਲ ਸਿਵਲ ਸੇਵਾਵਾਂ ਦੀ ਮੁਫ਼ਤ ਕੋਚਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਪੰਜਾਬ ’ਚ ਮੈਰਿਟ ’ਤੇ ਨੌਕਰੀਆਂ ਮਿਲਣ ਦੀ ਖਤਮ ਹੋਈ ਆਸ ਨੂੰ ਭਗਵੰਤ ਮਾਨ ਸਰਕਾਰ ਨੇ ਬਹਾਲ ਕਰਦਿਆਂ ਸਵਾ ਸਾਲ ’ਚ 31 ਹਜ਼ਾਰ ਤੋਂ ਵਧੇਰੇ ਨੌਕਰੀਆਂ ਮੈਰਿਟ ’ਤੇ ਦਿੱਤੀਆਂ ਹਨ। 12710 ਅਧਿਆਪਕਾਂ ਨਾਲੋਂ ਕੱਚਾ ਸ਼ਬਦ ਲਾਹਿਆ ਹੈ। ਪੁਲਿਸ ਮਹਿਕਮੇ ਵਿੱਚ ਹਰ ਸਾਲ ਸਿਪਾਹੀ ਤੋੋਂ ਲੈ ਕੇ ਸਬ ਇੰਸਪੈਕਟਰ ਤੱਕ ਦੀ 2100 ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ ਤਾਂ ਪੰਜਾਬ ਦੇ ਨੌਜੁਆਨ ਨਸ਼ਿਆਂ ਤੋਂ ਦੂਰ ਹੋ, ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਣ।

ਉੁਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਹਰ ਘਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦੀ ਸਹੂਲਤ ਨੂੰ ਅੱਜ 14 ਮਹੀਨੇ ਹੋ ਚੁੱਕੇ ਹਨ, ਜਿਸ ਨਾਲ 90 ਫ਼ੀਸਦੀ ਪਰਿਵਾਰਾਂ ਨੂੰ ਲਾਭ ਮਿਲਿਆ। ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਨੂੰ ਲੈ ਕੇ ਧਰਨੇ ਲਾਉਣ ਦੀ ਨੌਬਤ ਨਹੀਂ ਆਈ। ‘ਪਛਵਾੜਾ ਕੋਲ ਮਾਈਨ’ ਜੋ ਪਿਛਲੇ ਸੱਤ ਸਾਲ ਤੋਂ ਬੰਦ ਸੀ, ਦੇ ਮੁੜ ਚੱਲਣ ਨਾਲ ਪੰਜਾਬ ਨੂੰ 700 ਕਰੋੜ ਹਰ ਸਾਲ ਦਾ ਲਾਭ ਪੁੱਜੇਗਾ। ਸਰਕਾਰ ਵੱਲੋਂ ਪੰਜਾਬ ਦੇ ਖਿਡਾਰੀਆਂ ਵਾਸਤੇ ਤਿੰਨ ਮਹੀਨੇ ਦਾ ਖੇਡ ਮਹਾਂ-ਕੁੰਭ ਖੇਡਾਂ ਵਤਨ ਪੰਜਾਬ ਦੀਆਂ, ਕਰਵਾਇਆ ਗਿਆ, ਜਿਸ ’ਚ ਤਿੰਨ ਲੱਖ ਖਿਡਾਰੀਆਂ ਨੇ ਭਾਗ ਲਿਆ। ਅੱਜ ਪੰਜਾਬ ’ਚ ਖੇਡਾਂ ਪ੍ਰਤੀ ਮਾਹੌਲ ਬਣਨਾ ਸ਼ੁਰੂ ਹੋ ਚੁੱਕਾ ਹੈ।

ਪੰਜਾਬ ’ਚ ਸਰਬਪੱਖੀ ਵਿਕਾਸ ਦੇ ਮਾਹੌਲ ਚੱਲ ਰਿਹਾ ਹੈ। ਚੰਗੀ ਸਰਕਾਰ ਉਹੀ ਹੁੰਦੀ ਹੈ, ਜਿਹੜੀ ਲੋਕਾਂ ਦੀ ਬਿਨ੍ਹਾਂ ਖੱਜਲ ਖੁਆਰੀ ਕਰਵਾਏ, ਉੁਨ੍ਹਾਂ ਨੂੰ ਘਰ ਬੈਠੇ ਸਹੂਲਤਾਂ ਦੇਵੇ। ਅਸੀਂ ਪ੍ਰਸ਼ਾਸਕੀ ਸੁਧਾਰ ਵਿਭਾਗ ਰਾਹੀਂ ਸਰਕਾਰੀ ਸੇਵਾਵਾਂ ਦੀ ‘ਡੋਰ ਸਟੈੱਪ ਡਿਲਿਵਰੀ’ ਸ਼ੁਰੂ ਕਰਨ ਜਾ ਰਹੇ ਹਾਂ। ਇਸੇ ਤਰ੍ਹਾਂ 10 ਮਹੀਨੇ ਪਹਿਲਾਂ ਡਿਜੀਟਲੀ ਸਾਈਨਡ ਸਰਟੀਫ਼ਿਕੇਟ ਦੇਣ ਦੇ ਸ਼ੁਰੂ ਕੀਤੇ ਕਾਰਜ ਨੇ ਹੁਣ ਤੱਕ 28 ਲੱਖ ਲੋਕਾਂ ਨੂੰ ਉਨ੍ਹਾਂ ਦੇ ਮੋਬਾਇਲਾਂ ਰਾਹੀਂ ਸੇਵਾਵਾਂ ਦਿੱਤੀਆਂ ਹਨ।

ਵਾਤਾਵਰਣ ਨੂੰ ਬਣਾਉਣ ਦੇ ਗੁਰੂ ਸਾਹਿਬ ਦੇ ਸੰਦੇਸ਼, ‘ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦੇ ਆਸ਼ੇ ਨੂੰ ਮੁੱਖ ਰੱਖਦਿਆਂ, ਪਿਛਲੇ ਇੱਕ ਸਾਲ ਵਿੱਚ ਸਵਾ ਕਰੋੜ ਦਰੱਖਤ ਲਾਇਆ ਜਾ ਚੁੱਕਾ ਹੈ। ਇਸੇ ਤਰ੍ਹਾਂ ਆਪਣੇ ਵਿਭਾਗ ਨਵੇਂ ਤੇ ਨਵੀਨੀਕਰਣ ਊਰਜਾ ਸਰੋਤਾਂ ਰਾਹੀਂ ਪੰਜਾਬ ’ਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ 552.58 ਟਨ ਪ੍ਰਤੀ ਦਿਨ ਦੀ ਸਮਰੱਥਾ ਵਾਲੇ 47 ਕੰਪ੍ਰੈਸਡ ਬਾਇਓਮਾਸ ਪਲਾਂਟ ਅਲਾਟ ਕੀਤੇ ਗਏ ਹਨ ਜੋ ਹਰ ਸਾਲ 1.85 ਮਿਲੀਅਨ ਟਨ ਝੋਨੇ ਦੀ ਪਰਾਲੀ ਦੀ ਖਪਤ ਕਰਨਗੇ। ਇਨ੍ਹਾਂ ’ਚੋਂ ਚਾਰ ਪਲਾਂਟ ਚਾਲੂ ਵੀ ਹੋ ਚੁੱਕੇ ਹਨ।

ਉੁਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਗ੍ਰੀਨ ਹਾਈਡਰੋਜਨ ਪਾਲਿਸੀ ਜਿਸ ’ਤੇ ਦੁਨੀਆਂ ਕੰਮ ਕਰ ਰਹੀ ਹੈ, ਪੰਜਾਬ ’ਚ ਇਹ ਪਾਲਿਸੀ ਬਣਾ ਕੇ ਲਾਗੂ ਕੀਤੀ ਜਾਵੇਗੀ, ਜਿਸ ਨਾਲ 2 ਕਰੋੜ ਟਨ ਪਰਾਲੀ ਜਿਸ ਨੂੰ ਹਰ ਸਾਲ ਮਜਬੂਰੀ ਵੱਸ ਅੱਗ ਲਾ ਦਿੰਦੇ ਹਨ, ਕਿਸਾਨਾਂ ਦੀ ਆਮਦਨੀ ਦਾ ਸੋਮਾ ਬਣੇਗੀ।

ਪੰਜਾਬ ’ਚ ਉਦਯੋਗ ਨੂੰ ਪ੍ਰਫੁਲਿਤ ਕਰਨ ਲਈ ਨਵੀਂ ਸਨਅਤੀ ਪਾਲਿਸੀ-2022, ਐਡਵੈਂਚਰ ਸਪੋਰਸਟ ਨੂੰ ਉਤਸ਼ਾਹਿਤ ਕਰਨ ਲਈ ਪਾਲਿਸੀ, ਵਾਟਰ ਸਪੋਰਟਸ ਪਾਲਿਸੀ ਆਦਿ ਲਿਆਂਦੀਆਂ ਗਈਆਂ ਹਨ ਤਾਂ ਜੋ ਪੰਜਾਬ ’ਚ ਹਰ ਖੇਤਰ ’ਚ ਨਿਵੇਸ਼ ਵਧਾਇਆ ਜਾ ਸਕੇ। ਉੁਨ੍ਹਾਂ ਕਿਹਾ ਕਿ ਲੋਕਤੰਤਰੀ ਸਰਕਾਰਾਂ ’ਚ ਖਜ਼ਾਨੇ ਦੇ ਮਾਲਕ ਲੋਕ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਮੋਹਾਲੀ ਜ਼ਿਲ੍ਹੇ ਦੀ ਵੱਡੀ ਮੰਗ ਜੋ ਐਮ ਐਲ ਏ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਰੱਖੀ ਸੀ, ਨੂੰ ਮੰਨੇ ਜਾਣ ਸਦਕਾ ਮੋਹਾਲੀ ਦੇ ਮੈਡੀਕਲ ਕਾਲਜ ’ਚ ਤੀਸਰੇ ਸਾਲ ’ਚ 100 ਐਮ ਬੀ ਬੀ ਐਸ ਸੀਟਾਂ ਦੀ ਦਾਖਲਾ ਪ੍ਰਕਿਰਿਆ ਚੱਲ ਰਹੀ ਹੈ। ਟ੍ਰੈਫ਼ਿਕ ਸਮੱਸਿਆ ਨੂੰ ਕੰਟਰੋਲ ਕਰਨ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ‘ਸਿਟੀ ਸ਼ਟਲ ਬੱਸ ਸੇਵਾ’ ਦਾ ਤੋਹਫ਼ਾ ਸਰਕਾਰ ਵੱਲੋਂ ਪਾਇਲਟ ਪ੍ਰਾਜੈਕਟ ਦੇ ਰੂਪ ’ਚ ਮੋਹਾਲੀ ਨੂੰ ਜਲਦ ਮਿਲਣ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਆਜ਼ਾਦੀ ਦੇ ਪ੍ਰਵਾਨਿਆਂ ਨੇ ਸਾਡੇ ਲਈ ਜਾਨਾਂ ਵਾਰੀਆਂ, ਅੱਜ ਦਾ ਦਿਨ ਉਨ੍ਹਾਂ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਅਤੇ ਉਨ੍ਹਾਂ ਵੱਲੋਂ ਲਏ ੁਸੁਫ਼ਨਿਆਂ ਨੂੰ ਪੂਰਾ ਕਰਨ ਦੀ ਯਾਦ ਦਿਵਾਉਂਦਾ ਹੈ।ਇਸ ਤੋਂ ਪਹਿਲਾਂ ਉੁਨ੍ਹਾਂ ਨੇ ਡੀ ਸੀ ਆਸ਼ਿਕਾ ਜੈਨ ਅਤੇ ਐਸ ਐਸ ਪੀ ਡਾ. ਸੰਦੀਪ ਗਰਗ ਨਾਲ ਸਟੇਡੀਅਮ ’ਚ ਪਰੇਡ ਦਾ ਨਿਰੀਖਣ ਕੀਤਾ ਅਤੇ ਡੀ ਐਸ ਪੀ ਪ੍ਰੀਆ ਖੇੜਾ ਦੀ ਅਗਵਾਈ ’ਚ ਕੀਤੇ ਗਏ ਮਾਰਚ ਪਾਸਟ ਤੋਂ ਸਲਾਮੀ ਲਈ।

ਇਸ ਮੌਕੇ ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਖ਼ਬਰਦਾਰ ਕਰਦੀ ਝਾਕੀ, ਜ਼ਿਲ੍ਹਾ ਪੁਲਿਸ ਵੱਲੋਂ ਸਾਂਝ ਕੇਂਦਰ ਸੇਵਾਵਾਂ ਬਾਰੇ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਬਾਰੇ, ਜੰਗਲਾਤ ਵਿਭਾਗ ਵੱਲੋਂ ਜ਼ਿਲ੍ਹੇ ’ਚ 6 ਲੱਖ ਬੂਟੇ ਲਾਏ ਜਾਣ, ਹਰ ਪਿੰਡ ’ਚ 75-75 ਬੂਟੇ ਮੇਰੀ ਮਿੱਟੀ ਮੇਰਾ ਦੇਸ਼ ਤਹਿਤ ਲਾਉਣ ਬਾਰੇ, ਵੇਰਕਾ ਡੇਅਰੀ ਮੋਹਾਲੀ ਵੱਲੋਂ ਦੁੱਧ ਉਤਪਾਦਾਂ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਵੱਲੋਂ ਸਕਿੱਲ ਕੋਰਸਾਂ ਬਾਰੇ ਪੇਸ਼ ਝਾਕੀਆਂ ’ਚੋਂ ਜੰਗਲਾਤ ਵਿਭਾਗ ਨੂੰ ਸਰਵੋਤਮ ਝਾਕੀ ਦਾ ਇਨਾਮ ਦਿੱਤਾ ਗਿਆ। ਖੇਡ ਵਿਭਾਗ ਵੱਲੋਂ ਸਾਇਕਲ ਰੈਲੀ ਰਾਹੀ ਤੰਦਰੁਸਤੀ ਦਾ ਹੋਕਾ ਦਿੱਤਾ ਗਿਆ ਜਦਕਿ ਸਥਾਨਕ ਸਰਕਾਰਾਂ ਵਿਭਾਗ ਦੇ ਅਮਨਿੰਦਰ ਗਿੱਲ ਵੱਲੋਂ ਮੋਟਰ ਸਾਈਕਲ ਸਟੰਟ ਰਾਹੀਂ ਆਜ਼ਾਦੀ ਪ੍ਰਵਾਨਿਆਂ (Freedom Fighters) ਨੂੰ ਵਿਸ਼ੇਸ਼ ਰੂਪ ’ਚ ਯਾਦ ਕੀਤਾ ਗਿਆ।

ਆਜ਼ਾਦੀ ਘੁਲਾਟੀਏ (Freedom Fighters) ਪਰਿਵਾਰਾਂ ’ਚੋਂ ਹਾਜ਼ਰ ਸੁਰਜੀਤ ਕੌਰ ਵਿਧਵਾ ਨੱਥਾ ਸਿੰਘ ਵਾਸੀ ਲਾਂਡਰਾ ਨੂੰ ਕੈਬਨਿਟ ਮੰਤਰੀ ਵੱਲੋਂ ਨਿੱਜੀ ਤੌਰ ’ਤੇ ਮਿਲ ਕੇ ਅੱਜ ਦੇ ਮਹਾਨ ਦਿਹਾੜੇ ਦੀ ਵਧਾਈ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ।

ਨੈਸ਼ਨਲ ਪਬਲਿਕ ਸਕੂਲ ਕੁਰਾਲੀ, ਜੈਮ ਪਬਲਿਕ ਸਕੂਲ ਮੋਹਾਲੀ, ਰਿਆਨ ਪਬਲਿਕ ਸਕੂਲ ਮੋਹਾਲੀ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3 ਬੀ 1, ਸ਼ਿਵਾਲਿਕ ਪਬਲਿਕ ਸਕੂਲ ਮੋਹਾਲੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਅਤੇ ਸਰਕਾਰੀ ਕਾਲਜ ਮੋਹਾਲੀ ਦੇ ਵਿਦਿਆਰਥੀਆਂ ਅਤੇ ਐਨ ਸੀ ਸੀ ਟੁਕੜੀਆਂ ਨੇ ਸਭਿਆਚਾਰਕ ਪੇਸ਼ਕਾਰੀਆਂ ਅਤੇ ਪਰੇਡ ਵਿੱਚ ਹਿੱਸਾ ਲਿਆ।

ਇਸ ਮੌਕੇ ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਖੇਤਰਾਂ ’ਚ ਉਪਬਧੀਆਂ ਹਾਸਲ ਕੁੱਲ 74 ਸਖਸ਼ੀਅਤਾਂ, ਸਮਾਜ ਸੇਵੀਆਂ, ਅਧਿਆਪਕਾਂ, ਵਿਦਿਆਰਥੀਆਂ, ਖਿਡਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਅਮਨ ਅਰੋੜਾ ਨੂੰ ਅਖੀਰ ਵਿੱਚ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਐਮ ਐਲ ਏ ਮੋਹਾਲੀ ਕੁਲਵੰਤ ਸਿੰਘ, ਰੂਪਨਗਰ ਡਿਵੀਜ਼ਨ ਦੇ ਕਮਿਸ਼ਨਰ ਇੰਦੂ ਮਲਹੋਤਰਾ, ਆਈ ਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ, ਮਿਲਕਫ਼ੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਅਤੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਤੋੋਂ ਇਲਾਵਾ ਸਕੂਲੀ ਬੱਚੇ ਵੀ ਵੱਡੀ ਗਿਣਤੀ ’ਚ ਮੌਜੂਦ ਸਨ।

Scroll to Top