IND W vs AUS W

IND W vs AUS W: ਆਸਟ੍ਰੇਲੀਆ ਤੋਂ ਮਿਲੀ ਹਾਰ ਤੋਂ ਬਾਅਦ ਭਾਰਤ ਮਹਿਲਾ ਟੀ-20 ਵਿਸ਼ਵ ਕੱਪ ਤੋਂ ਬਾਹਰ

ਚੰਡੀਗੜ੍ਹ, 23 ਫਰਵਰੀ 2023: ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਟੀ-20 ਵਿਸ਼ਵ ਕੱਪ ਜਿੱਤਣ ਦਾ ਸੁਪਨਾ ਇਕ ਵਾਰ ਫਿਰ ਚਕਨਾਚੂਰ ਹੋ ਗਿਆ ਹੈ। ਆਸਟ੍ਰੇਲੀਆ ਨੇ ਸੈਮੀਫਾਈਨਲ ‘ਚ ਭਾਰਤ ਨੂੰ ਪੰਜ ਦੌੜਾਂ ਨਾਲ ਹਰਾ ਦਿੱਤਾ । ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਚਾਰ ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ।

ਭਾਰਤੀ ਟੀਮ ਦੀ ਖਰਾਬ ਫੀਲਡਿੰਗ ਚਰਚਾ ਦਾ ਵਿਸ਼ਾ ਰਹੀ। ਭਾਰਤੀ ਟੀਮ ਨੇ ਮੇਗ ਲੈਨਿੰਗ ਅਤੇ ਬੇਥ ਮੁਨੀ ਦੇ ਆਸਾਨ ਕੈਚਾਂ ਛੱਡੇ । ਨਤੀਜਾ ਇਹ ਨਿਕਲਿਆ ਕਿ ਮੁਨੀ ਅਤੇ ਲੈਨਿੰਗ ਨੇ ਵੱਡੀ ਪਾਰੀ ਖੇਡੀ। ਮੁਨੀ ਨੇ 37 ਗੇਂਦਾਂ ‘ਤੇ 54 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਲੈਨਿੰਗ ਨੇ ਕਪਤਾਨੀ ਪਾਰੀ ਖੇਡਦੇ ਹੋਏ 34 ਗੇਂਦਾਂ ‘ਚ ਅਜੇਤੂ 49 ਦੌੜਾਂ ਬਣਾਈਆਂ। ਐਸ਼ਲੇ ਗਾਰਡਨਰ ਨੇ 18 ਗੇਂਦਾਂ ‘ਤੇ 31 ਦੌੜਾਂ ਦੀ ਪਾਰੀ ਖੇਡੀ।

ਜਵਾਬ ‘ਚ ਭਾਰਤੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ਗੁਆ ਕੇ 167 ਦੌੜਾਂ ਹੀ ਬਣਾ ਸਕੀ। ਇੱਕ ਸਮੇਂ ਭਾਰਤ ਨੇ 14 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 124 ਦੌੜਾਂ ਬਣਾ ਲਈਆਂ ਸਨ। ਉਦੋਂ ਟੀਮ ਇੰਡੀਆ ਨੂੰ 36 ਗੇਂਦਾਂ ਵਿੱਚ 49 ਦੌੜਾਂ ਦੀ ਲੋੜ ਸੀ। ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਟੀਮ ਆਸਾਨੀ ਨਾਲ ਮੈਚ ਜਿੱਤ ਲਵੇਗੀ।

ਕਪਤਾਨ ਹਰਮਨਪ੍ਰੀਤ ਕੌਰ 30 ਗੇਂਦਾਂ ‘ਚ 43 ਦੌੜਾਂ ਅਤੇ ਰਿਚਾ ਘੋਸ਼ 14 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ। ਇਸ ਤੋਂ ਬਾਅਦ ਅਗਲੇ ਓਵਰ ‘ਚ ਹਰਮਨਪ੍ਰੀਤ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਉਸੇ ਓਵਰ ‘ਚ ਅਜੀਬ ਤਰੀਕੇ ਨਾਲ ਰਨ ਆਊਟ ਹੋ ਗਈ। ਇਹ ਮੈਚ ਦਾ ਟਰਨਿੰਗ ਪੁਆਇੰਟ ਸੀ। ਇੱਕ ਦੌੜ ਲੈਣ ਤੋਂ ਬਾਅਦ, ਉਹ ਦੂਜੀ ਦੌੜ ਲੈਂਦੇ ਸਮੇਂ ਬੱਲੇ ਨੂੰ ਕ੍ਰੀਜ਼ ਦੇ ਅੰਦਰ ਰੱਖਣਾ ਭੁੱਲ ਗਈ। ਉਹ 34 ਗੇਂਦਾਂ ਵਿੱਚ 52 ਦੌੜਾਂ ਹੀ ਬਣਾ ਸਕੀ।

Scroll to Top