ਐਸ.ਏ.ਐਸ.ਨਗਰ, 18 ਜੁਲਾਈ, 2023: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਵੀਰਵਾਰ (20 ਜੁਲਾਈ) ਤੋਂ ਖੇਡਿਆ ਜਾਵੇਗਾ। ਭਾਰਤੀ ਟੀਮ (Indian team) ਸੀਰੀਜ਼ ‘ਚ 1-0 ਨਾਲ ਅੱਗੇ ਹੈ। ਭਾਰਤੀ ਟੀਮ ਤ੍ਰਿਨੀਦਾਦ ਦੇ ਕਵੀਨਜ਼ ਪਾਰਕ ਓਵਲ ਵਿੱਚ ਮੇਜ਼ਬਾਨ ਟੀਮ ਨੂੰ ਹਰਾਉਣ ਦੀ ਕੋਸ਼ਿਸ਼ ਕਰੇਗੀ । ਭਾਰਤ ਲਗਾਤਾਰ ਦੂਜੀ ਵਾਰ ਵੈਸਟਇੰਡੀਜ਼ ਨੂੰ ਉਸਦੇ ਘਰੇਲੂ ਮੈਦਾਨ ‘ਤੇ ਕਲੀਨ ਸਵੀਪ ਕਰਨਾ ਚਾਹੇਗੀ । ਪਿਛਲੀ ਵਾਰ 2019 ਵਿੱਚ, ਭਾਰਤ ਨੇ ਦੋ ਟੈਸਟ ਮੈਚਾਂ ਦੀ ਲੜੀ ਵਿੱਚ 2-0 ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਹੁਣ ਤੱਕ 12 ਵਾਰ ਵੈਸਟਇੰਡੀਜ਼ ‘ਚ ਟੈਸਟ ਸੀਰੀਜ਼ ਖੇਡ ਚੁੱਕਾ ਹੈ। ਉਹ ਪੰਜ ਸੀਰੀਜ਼ ਜਿੱਤਣ ‘ਚ ਕਾਮਯਾਬ ਰਿਹਾ ਹੈ ।
ਭਾਰਤ ਨੇ ਆਖਰੀ ਵਾਰ 2016 ਵਿੱਚ ਤ੍ਰਿਨੀਦਾਦ ਵਿੱਚ ਟੈਸਟ ਮੈਚ ਖੇਡਿਆ ਸੀ। ਫਿਰ ਮੀਂਹ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ ਅਤੇ ਇਸ ਨੂੰ ਡਰਾਅ ਐਲਾਨ ਦਿੱਤਾ ਗਿਆ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੇ ਦਿਨ ਮੀਂਹ ਕਾਰਨ 22 ਓਵਰਾਂ ਦਾ ਖੇਡ ਹੋਇਆ। ਮੇਜ਼ਬਾਨ ਟੀਮ ਨੇ ਦੋ ਵਿਕਟਾਂ ‘ਤੇ 62 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਦਿਨ ਮੀਂਹ ਕਾਰਨ ਖੇਡ ਧੋਤੀ ਗਈ। ਉਸ ਮੈਚ ਵਿੱਚ ਵੈਸਟਇੰਡੀਜ਼ ਲਈ ਓਪਨਿੰਗ ਕਰਨ ਵਾਲੇ ਕ੍ਰੇਗ ਬ੍ਰੈਥਵੇਟ ਇਸ ਵਾਰ ਟੀਮ ਦੇ ਕਪਤਾਨ ਹਨ।
ਜਿਕਰਯੋਗ ਹੈ ਕਿ ਭਾਰਤੀ ਟੀਮ (Indian team) ਇਸ ਮੈਦਾਨ ‘ਤੇ ਆਖਰੀ ਵਾਰ 1989 ‘ਚ ਹਾਰੀ ਸੀ। ਉਦੋਂ ਤੋਂ ਭਾਰਤੀ ਟੀਮ ਇੱਥੇ ਤਿੰਨ ਵਾਰ ਖੇਡ ਚੁੱਕੀ ਹੈ। ਇਨ੍ਹਾਂ ‘ਚੋਂ ਦੋ ਟੈਸਟ ਡਰਾਅ ਰਹੇ ਹਨ ਅਤੇ ਇਕ ਭਾਰਤ ਨੇ ਜਿੱਤਿਆ ਹੈ। 1997 ਅਤੇ 2016 ਵਿੱਚ ਮੈਚ ਡਰਾਅ ਰਿਹਾ। ਇਸ ਦੇ ਨਾਲ ਹੀ 2002 ‘ਚ ਭਾਰਤੀ ਟੀਮ ਨੇ ਜਿੱਤ ਦਰਜ ਕੀਤੀ ਸੀ।