ਸਪੋਰਟਸ, 10 ਸਤੰਬਰ 2025: IND ਬਨਾਮ UAE: ਭਾਰਤ ਨੇ ਏਸ਼ੀਆ ਕੱਪ 2025 ‘ਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ ਨੌਂ ਵਿਕਟਾਂ ਨਾਲ ਹਰਾ ਕੇ ਮੌਜੂਦਾ ਟੂਰਨਾਮੈਂਟ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਯੂਏਈ ਦੀ ਟੀਮ 13.1 ਓਵਰਾਂ ‘ਚ ਸਿਰਫ਼ 57 ਦੌੜਾਂ ਹੀ ਬਣਾ ਸਕੀ।
ਜਵਾਬ ‘ਚ ਭਾਰਤੀ ਟੀਮ ਨੇ 4.3 ਓਵਰਾਂ ‘ਚ ਇੱਕ ਵਿਕਟ ਦੇ ਨੁਕਸਾਨ ‘ਤੇ 60 ਦੌੜਾਂ ਬਣਾ ਕੇ ਮੈਚ ਜਿੱਤ ਲਿਆ, ਯਾਨੀ ਸਿਰਫ਼ 27 ਗੇਂਦਾਂ ‘ਚ ਮੈਚ ਆਪਣੇ ਨਾਂ ਕਰ ਲਿਆ । ਭਾਰਤ ਲਈ ਅਭਿਸ਼ੇਕ ਸ਼ਰਮਾ ਨੇ 16 ਗੇਂਦਾਂ ‘ਚ 30 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸ਼ੁਭਮਨ ਗਿੱਲ (20) ਅਤੇ ਸੂਰਿਆਕੁਮਾਰ ਯਾਦਵ (7) ਨਾਬਾਦ ਰਹੇ। ਯੂਏਈ ਲਈ ਜੁਨੈਦ ਸਿੱਦੀਕੀ ਨੇ ਇੱਕ ਵਿਕਟ ਲਈ।
ਇਸ ਤੋਂ ਪਹਿਲਾਂ, ਭਾਰਤੀ ਟੀਮ ਲਈ ਕੁਲਦੀਪ ਯਾਦਵ ਨੇ ਚਾਰ ਅਤੇ ਸ਼ਿਵਮ ਦੂਬੇ ਨੇ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ, ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ ਅਤੇ ਵਰੁਣ ਚੱਕਰਵਰਤੀ ਨੇ ਇੱਕ-ਇੱਕ ਵਿਕਟ ਲਈ।
ਯੂਏਈ ਦੇ ਬੱਲੇਬਾਜ਼ ਭਾਰਤ ਦੀ ਘਾਤਕ ਗੇਂਦਬਾਜ਼ੀ ਇਕਾਈ ਦੇ ਸਾਹਮਣੇ ਆਪਣਾ ਮੈਦਾਨ ਨਹੀਂ ਟਿਕ ਸਕੇ ਅਤੇ ਟੀਮ ਸਿਰਫ਼ 57 ਦੌੜਾਂ ‘ਤੇ ਆਲ ਆਊਟ ਹੋ ਗਈ। ਉਨ੍ਹਾਂ ਦੇ ਅੱਠ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ। ਯੂਏਈ ਦੀ ਪਾਰੀ ਦੀ ਸ਼ੁਰੂਆਤ ਕਪਤਾਨ ਮੁਹੰਮਦ ਵਸੀਮ ਅਤੇ ਅਲੀਸ਼ਾਨ ਸ਼ਰਾਫੂ ਨੇ ਕੀਤੀ, ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂਆਤ ਤੋਂ ਹੀ ਦਬਾਅ ਬਣਾਇਆ।
ਟੀਮ ਨੂੰ ਪਹਿਲਾ ਝਟਕਾ 26 ਦੌੜਾਂ ‘ਤੇ ਲੱਗਾ, ਜਦੋਂ ਜਸਪ੍ਰੀਤ ਬੁਮਰਾਹ ਨੇ ਅਲੀਸ਼ਾਨ ਸ਼ਰਾਫੂ (22 ਦੌੜਾਂ) ਨੂੰ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਮੁਹੰਮਦ ਜ਼ੋਹੇਬ (2 ਦੌੜਾਂ) ਵੀ ਵਰੁਣ ਚੱਕਰਵਰਤੀ ਦੀ ਗੇਂਦ ‘ਤੇ 29 ਦੌੜਾਂ ਦੇ ਸਕੋਰ ‘ਤੇ ਆਊਟ ਹੋ ਗਏ। ਕੁਲਦੀਪ ਯਾਦਵ ਨੇ ਨੌਵੇਂ ਓਵਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਇੱਕ ਹੀ ਓਵਰ ‘ਚ ਤਿੰਨ ਵਿਕਟਾਂ ਲਈਆਂ।
Read More: IND ਬਨਾਮ UAE: ਭਾਰਤ ਦਾ ਅੱਜ ਯੂਏਈ ਨਾਲ ਮੁਕਾਬਲਾ, ਕੀ ਖੇਡਣਗੇ ਸੰਜੂ ਸੈਮਸਨ ?




