ਸਪੋਰਟਸ, 09 ਸਤੰਬਰ 2025: IND ਬਨਾਮ UAE: ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ‘ਚ ਭਾਰਤ ਬੁੱਧਵਾਰ 10 ਸਤੰਬਰ ਨੂੰ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਸ ਮੈਚ ਬਾਰੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਟੀਮ ਪ੍ਰਬੰਧਨ ਕਿਹੜੇ ਖਿਡਾਰੀਆਂ ਨੂੰ ਅੰਤਿਮ ਗਿਆਰਾਂ ‘ਚ ਮੌਕਾ ਦੇਵੇਗਾ ਅਤੇ ਕਿਸਨੂੰ ਬਾਹਰ ਬੈਠਣਾ ਪਵੇਗਾ।
ਹਾਲਾਂਕਿ, ਟੀਮ ਪ੍ਰਬੰਧਨ ਦਾ ਮੁੱਖ ਧਿਆਨ ਆਲਰਾਉਂਡਰਾਂ ਦੀ ਮੱਦਦ ਨਾਲ ਸੰਤੁਲਨ ਬਣਾਉਣ ‘ਤੇ ਹੋਵੇਗਾ। ਭਾਰਤੀ ਟੀਮ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਹੈ। ਭਲਕੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਰਾਤ 8:00 ਵਜੇ ਦੁਬਈ ‘ਚ ਖੇਡਿਆ ਜਾਵੇਗਾ |
ਏਸ਼ੀਆ ਕੱਪ 2025 ‘ਚ ਕੁੱਲ ਅੱਠ ਟੀਮਾਂ ਖੇਡ ਰਹੀਆਂ ਹਨ। ਭਾਰਤ ਨੇ 2016 ਅਤੇ 2022 ‘ਚ ਏਸ਼ੀਆ ਕੱਪ ਟੀ-20 ‘ਚ ਹੋਰ ਛੇ ਟੀਮਾਂ ਵਿਰੁੱਧ ਖੇਡਿਆ ਹੈ। ਭਾਰਤ ਨੇ ਬੰਗਲਾਦੇਸ਼, ਪਾਕਿਸਤਾਨ, ਅਫਗਾਨਿਸਤਾਨ, ਸ਼੍ਰੀਲੰਕਾ, ਹਾਂਗਕਾਂਗ ਅਤੇ ਯੂਏਈ ਵਰਗੀਆਂ ਟੀਮਾਂ ਵਿਰੁੱਧ ਮੈਦਾਨ ‘ਚ ਉਤਰਿਆ ਹੈ। ਭਾਰਤ ਇਸ ਟੂਰਨਾਮੈਂਟ ‘ਚ ਪਹਿਲੀ ਵਾਰ ਓਮਾਨ ਵਿਰੁੱਧ ਖੇਡੇਗਾ।
ਜੇਕਰ ਏਸ਼ੀਆ ਕੱਪ ਤੋਂ ਇਲਾਵਾ ਕੁੱਲ ਟੀ-20 ਅੰਤਰਰਾਸ਼ਟਰੀ ਰਿਕਾਰਡ ਨੂੰ ਦੇਖਿਆ ਜਾਵੇ, ਤਾਂ ਭਾਰਤੀ ਟੀਮ ਦਾ ਦਬਦਬਾ ਸਾਫ਼ ਦਿਖਾਈ ਦਿੰਦਾ ਹੈ। ਭਾਰਤ ਨੇ ਇਨ੍ਹਾਂ ਸੱਤ ਟੀਮਾਂ (ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ, ਓਮਾਨ, ਹਾਂਗਕਾਂਗ ਅਤੇ ਯੂਏਈ) ਵਿਰੁੱਧ ਕੁੱਲ 73 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਨ੍ਹਾਂ ਵਿੱਚੋਂ, ਭਾਰਤ 55 ਵਿੱਚ ਜਿੱਤਿਆ, 13 ਵਿੱਚ ਹਾਰਿਆ, ਜਦੋਂ ਕਿ ਦੋ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਸੰਜੂ ਸੈਮਸਨ ਲਈ ਪਲੇਇੰਗ-11 ‘ਚ ਜਗ੍ਹਾ ਬਣਾਉਣਾ ਮੁਸ਼ਕਿਲ ?
ਸ਼ੁਭਮਨ ਗਿੱਲ ਦੀ ਸਿਖਰਲੇ ਕ੍ਰਮ ‘ਚ ਵਾਪਸੀ ਨੇ ਸੰਜੂ ਸੈਮਸਨ ਲਈ ਪਲੇਇੰਗ-11 ‘ਚ ਜਗ੍ਹਾ ਬਣਾਉਣਾ ਵੀ ਮੁਸ਼ਕਿਲ ਬਣਾ ਦਿੱਤਾ ਹੈ। ਹੁਣ ਗਿੱਲ ਅਤੇ ਅਭਿਸ਼ੇਕ ਸ਼ਰਮਾ ਭਾਰਤੀ ਪਾਰੀ ਦੀ ਸ਼ੁਰੂਆਤ ਕਰਨਗੇ। ਤਿਲਕ ਵਰਮਾ ਨੇ ਤੀਜੇ ਨੰਬਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਇਹੀ ਕਾਰਨ ਹੈ ਕਿ ਉਹ ਟੀ-20 ਵਿਸ਼ਵ ਰੈਂਕਿੰਗ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਕਪਤਾਨ ਸੂਰਿਆਕੁਮਾਰ ਯਾਦਵ ਤੀਜੇ ਜਾਂ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰ ਸਕਦੇ ਹਨ।
ਭਾਰਤ ਦਾ ਪਹਿਲਾ ਮੈਚ (IND ਬਨਾਮ UAE)10 ਸਤੰਬਰ ਨੂੰ ਯੂਏਈ ਵਿਰੁੱਧ ਖੇਡਿਆ ਜਾਵੇਗਾ। ਕ੍ਰਿਕਟ ਪ੍ਰਸ਼ੰਸਕਾਂ ਦੀ ਸਭ ਤੋਂ ਵੱਡੀ ਉਤਸੁਕਤਾ ਭਾਰਤ-ਪਾਕਿਸਤਾਨ ਮੈਚ ਬਾਰੇ ਹੈ, ਜੋ 14 ਸਤੰਬਰ ਨੂੰ ਦੁਬਈ ‘ਚ ਹੋਵੇਗਾ। ਦੋਵੇਂ ਟੀਮਾਂ 2024 ਦੇ ਟੀ-20 ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਇਸ ਫਾਰਮੈਟ ‘ਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇੱਕ ਵਨਡੇ ਫਾਰਮੈਟ ‘ਚ ਭਾਰਤ ਅਤੇ ਪਾਕਿਸਤਾਨ ਇਸ ਸਾਲ ਚੈਂਪੀਅਨਜ਼ ਟਰਾਫੀ ‘ਚ ਭਿੜੇ ਸਨ, ਜਿਸਨੂੰ ਭਾਰਤੀ ਟੀਮ ਨੇ ਜਿੱਤਿਆ ਸੀ।
ਦੁਬਈ ਦੀ ਪਿੱਚ ਤੇ ਸਪਿਨਰਾਂ ਦੀ ਸਥਿਤੀ
ਮਾਰਚ ‘ਚ ਇੱਥੇ ਚੈਂਪੀਅਨਜ਼ ਟਰਾਫੀ ਦੌਰਾਨ ਭਾਰਤ ਨੇ ਚਾਰ ਸਪਿਨਰਾਂ ਨੂੰ ਖੇਡਿਆ ਸੀ, ਜਿਨ੍ਹਾਂ ‘ਚ ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ਸ਼ਾਮਲ ਸਨ। ਹਾਲਾਂਕਿ, ਇਸ ਵਾਰ ਹਾਲਾਤ ਬਦਲ ਗਏ ਹਨ। ਜੇਕਰ ਟੀਮ ਪ੍ਰਬੰਧਨ ਅਕਸ਼ਰ ਦੇ ਨਾਲ ਇੱਕ ਹੋਰ ਸਪਿਨਰ ਨੂੰ ਸ਼ਾਮਲ ਕਰਨ ਦਾ ਫੈਸਲਾ ਕਰਦਾ ਹੈ, ਤਾਂ ਉਸਦੇ ਕੋਲ ਕੁਲਦੀਪ ਅਤੇ ਚੱਕਰਵਰਤੀ ‘ਚ ਦੋ ਚੰਗੇ ਵਿਕਲਪ ਹਨ। ਇਸ ਤੋਂ ਇਲਾਵਾ ਅਭਿਸ਼ੇਕ ਖੱਬੇ ਹੱਥ ਦੀ ਸਪਿਨ ਗੇਂਦਬਾਜ਼ੀ ਵੀ ਕਰ ਸਕਦਾ ਹੈ।
Read More: AFG ਬਨਾਮ HK: ਏਸ਼ੀਆ ਕੱਪ ਦੇ ਪਹਿਲੇ ਮੈਚ ‘ਚ ਭਲਕੇ ਅਫਗਾਨਿਸਤਾਨ ਦਾ ਹਾਂਗ ਕਾਂਗ ਨਾਲ ਮੁਕਾਬਲਾ




