ਸਪੋਰਟਸ, 10 ਸਤੰਬਰ 2025: IND ਬਨਾਮ UAE: ਭਾਰਤੀ ਕ੍ਰਿਕਟ ਟੀਮ ਅੱਜ ਐਕਸ਼ਨ ‘ਚ ਹੋਵੇਗੀ। ਭਾਰਤ ਨੇ 4 ਅਗਸਤ ਨੂੰ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ ਹੈ। ਇਸ ਵਾਰ ਫਾਰਮੈਟ ਟੀ-20 ਹੈ ਅਤੇ ਸਟੇਜ ਏਸ਼ੀਆ ਕੱਪ ਹੈ। ਟੂਰਨਾਮੈਂਟ ‘ਚ ਭਾਰਤ ਦਾ ਪਹਿਲਾ ਮੈਚ ਦੁਬਈ ‘ਚ ਯੂਏਈ ਵਿਰੁੱਧ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਸ਼ੁਰੂ ਹੋਵੇਗਾ।
ਭਾਰਤ ਅਤੇ ਯੂਏਈ ਦੋਵੇਂ ਗਰੁੱਪ ਏ ‘ਚ ਹਨ, ਪਾਕਿਸਤਾਨ ਅਤੇ ਓਮਾਨ ਦੀਆਂ ਟੀਮਾਂ ਵੀ ਇਸ ਗਰੁੱਪ ‘ਚ ਹਨ। ਗਰੁੱਪ ਦੀਆਂ ਸਾਰੀਆਂ ਟੀਮਾਂ ਨੂੰ ਇੱਕ-ਇੱਕ ਮੈਚ ਖੇਡਣਾ ਹੈ। ਚੋਟੀ ਦੀਆਂ 2 ਟੀਮਾਂ ਸੁਪਰ-4 ‘ਚ ਪਹੁੰਚਣਗੀਆਂ।
ਇਸ ਸਮੇਂ ਭਾਰਤੀ ਟੀਮ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਓਪਨਿੰਗ ਜੋੜੀ ਬਾਰੇ ਹੈ, ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਪਿਛਲੇ ਸਾਲ ਜੂਨ ‘ਚ ਹੋਏ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀ-20 ਟੀਮ ਦੇ ਓਪਨਰ ਰਹੇ ਹਨ। ਹਾਲਾਂਕਿ, ਸ਼ੁਭਮਨ ਗਿੱਲ ਨੂੰ ਵੀ ਏਸ਼ੀਆ ਕੱਪ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਅਭਿਸ਼ੇਕ ਸ਼ਰਮਾ ਦਾ ਓਪਨਿੰਗ ਕਰਨਾ ਯਕੀਨੀ ਹੈ, ਉਹ ਆਪਣੇ ਕਰੀਅਰ ‘ਚ ਇਸ ਸਥਿਤੀ ‘ਚ ਖੇਡ ਰਿਹਾ ਹੈ। ਹੁਣ ਸੰਜੂ ਅਭਿਸ਼ੇਕ ਨਾਲ ਓਪਨਿੰਗ ਕਰੇਗਾ ਜਾਂ ਗਿੱਲ, ਇਹ ਫੈਸਲਾ ਟੀਮ ਮੈਨੇਜਮੈਂਟ ਨੇ ਲੈਣਾ ਹੈ। ਜੇਕਰ ਅਭਿਸ਼ੇਕ ਅਤੇ ਗਿੱਲ ਓਪਨਿੰਗ ਕਰਦੇ ਹਨ, ਤਾਂ ਸੰਜੂ ਸੈਮਸਨ ਨੰਬਰ-3 ‘ਤੇ ਖੇਡ ਸਕਦਾ ਹੈ। ਇਸ ਸਥਿਤੀ ‘ਚ ਤਿਲਕ ਵਰਮਾ ਨੂੰ ਬਾਹਰ ਬੈਠਣਾ ਪਵੇਗਾ। ਕਪਤਾਨ ਸੂਰਿਆਕੁਮਾਰ ਯਾਦਵ ਨੰਬਰ-4 ‘ਤੇ ਖੇਡ ਸਕਦਾ ਹੈ।
ਦੁਬਈ ਦੀ ਪਿੱਚ ਰਿਪੋਰਟ
ਭਾਰਤ ਅਤੇ ਯੂਏਈ ਵਿਚਕਾਰ ਇਹ ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਇੱਥੋਂ ਦੀ ਪਿੱਚ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਨੂੰ ਬਰਾਬਰ ਮੱਦਦ ਦਿੰਦੀ ਹੈ, ਪਰ ਸਪਿਨਰਾਂ ਕੋਲ ਮੈਚ ਦੀ ਦਿਸ਼ਾ ਬਦਲਣ ਦੀ ਸਮਰੱਥਾ ਹੈ। ਇਹੀ ਕਾਰਨ ਹੈ ਕਿ ਇਸ ਮੈਦਾਨ ‘ਤੇ ਟੀ-20 ਮੈਚਾਂ ‘ਚ ਔਸਤ ਸਕੋਰ ਲਗਭਗ 144 ਦੌੜਾਂ ਰਿਹਾ ਹੈ। ਤੇਜ਼ ਗੇਂਦਬਾਜ਼ਾਂ ਨੇ ਹੁਣ ਤੱਕ ਇੱਥੇ ਲਗਭਗ 64 ਫੀਸਦੀ ਵਿਕਟਾਂ ਲਈਆਂ ਹਨ।
ਇਸ ਦਿਲਚਸਪ ਮੈਚ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਯੂਏਈ ਟੀਮ ‘ਚ ਭਾਰਤੀ ਮੂਲ ਦੇ ਛੇ ਖਿਡਾਰੀ ਸ਼ਾਮਲ ਹਨ। ਇਹ ਉਹੀ ਖਿਡਾਰੀ ਹਨ, ਹਰਸ਼ਿਤ ਕੌਸ਼ਿਕ, ਸਿਮਰਨਜੀਤ ਸਿੰਘ, ਧਰੁਵ ਪਰਾਸ਼ਰ, ਅਲੀਸ਼ਾਨ ਸ਼ਰਾਫੂ, ਆਰਯੰਸ਼ ਸ਼ਰਮਾ ਅਤੇ ਰਾਹੁਲ ਚੋਪੜਾ ਸ਼ਾਮਲ ਹੈ। ਇਸ ਗਿਣਤੀ ਤੋਂ ਸਪੱਸ਼ਟ ਹੈ ਕਿ ਭਾਰਤ ਵਿਰੁੱਧ ਇਹ ਮੈਚ ਭਾਵਨਾਤਮਕ ਤੌਰ ‘ਤੇ ਵੀ ਯੂਏਈ ਟੀਮ ਲਈ ਬਹੁਤ ਖਾਸ ਹੋਣ ਵਾਲਾ ਹੈ।
Read More: IND ਬਨਾਮ UAE: ਏਸ਼ੀਆ ਕੱਪ ‘ਚ ਭਾਰਤ ਪਹਿਲੀ ਵਾਰ ਓਮਾਨ ਖਿਲਾਫ਼ ਖੇਡੇਗਾ ਮੈਚ