ਚੰਡੀਗੜ੍ਹ, 06 ਦਸੰਬਰ 2024: IND vs SL Under-19 Asia Cup: ਭਾਰਤ ਦੀ ਟੀਮ ਨੇ ਅੰਡਰ-19 ਏਸ਼ੀਆ ਕੱਪ ਦੇ ਸੈਮੀਫਾਈਨਲ ਮੈਚ ‘ਚ ਸ਼੍ਰੀਲੰਕਾ ਨੂੰ 46.2 ਓਵਰਾਂ ‘ਚ 173 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਹੈ | ਭਾਰਤੀ ਟੀਮ ਨੇ ਮੱਧਮ ਤੇਜ਼ ਗੇਂਦਬਾਜ਼ ਚੇਤਨ ਸ਼ਰਮਾ ਦੀ ਅਗਵਾਈ ‘ਚ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ |
ਸ੍ਰੀਲੰਕਾ ਲਈ ਲਵਕਿਨ ਅਬੇਸਿੰਘੇ ਨੇ 110 ਗੇਂਦਾਂ ‘ਚ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ ਸਭ ਤੋਂ ਵੱਧ 69 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਟੀਮ 170 ਦੌੜਾਂ ਦਾ ਅੰਕੜਾ ਪਾਰ ਕਰਨ ‘ਚ ਸਫਲ ਰਹੀ। ਭਾਰਤ ਲਈ ਚੇਤਨ ਨੇ 34 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਕਿਰਨ ਚੋਰਮਾਲੇ ਅਤੇ ਆਯੂਸ਼ ਮਹਾਤਰੇ ਨੇ ਦੋ-ਦੋ ਅਤੇ ਯੁਧਜੀਤ ਅਤੇ ਹਾਰਦਿਕ ਰਾਜ ਨੇ ਇਕ-ਇਕ ਵਿਕਟ ਹਾਸਲ ਕੀਤੀ ਹੈ।
ਲਵਕਿਨ ਅਬੇਸਿੰਘੇ ਨੇ ਸ਼੍ਰੀਲੰਕਾ ਦੀ ਪਾਰੀ ਨੂੰ ਸੰਭਾਲਿਆ ਅਤੇ ਚੌਥੀ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ । ਦੋਵੇਂ ਬੱਲੇਬਾਜ਼ ਹੌਲੀ-ਹੌਲੀ ਅਰਧ ਸੈਂਕੜੇ ਵੱਲ ਵਧ ਰਹੇ ਸਨ ਪਰ ਸ਼ਰੂਜਨ ਨੂੰ ਆਯੂਸ਼ ਮਹਾਤਰੇ ਨੇ ਬੋਲਡ ਕਰ ਦਿੱਤਾ ਅਤੇ ਇਹ ਸਾਂਝੇਦਾਰੀ ਖਤਮ ਕਰ ਦਿੱਤੀ । ਸ਼ਰੁਜਨ 78 ਗੇਂਦਾਂ ‘ਚ ਦੋ ਚੌਕਿਆਂ ਦੀ ਮੱਦਦ ਨਾਲ 42 ਦੌੜਾਂ ਬਣਾ ਕੇ ਆਊਟ ਹੋ ਗਏ।
ਇਸ ਤੋਂ ਬਾਅਦ ਆਯੂਸ਼ ਨੇ ਆਪਣੀ ਦੂਜੀ ਵਿਕਟ ਲਈ ਅਤੇ ਕਵੀਜਾ ਗਮਾਗੇ ਨੂੰ 10 ਦੌੜਾਂ ਬਣਾ ਕੇ ਆਊਟ ਕਰ ਦਿੱਤਾ। ਡਿੱਗਦੀਆਂ ਵਿਕਟਾਂ ਦੇ ਵਿਚਕਾਰ, ਲਵਕਿਨ ਨੇ ਪਹਿਲਾਂ ਸ਼ਰੂਜਨ ਨਾਲ ਸ਼੍ਰੀਲੰਕਾ ਨੂੰ ਮੁਸੀਬਤ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਇਕੱਲੇ ਭਾਰਤੀ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਕੀਤਾ।