ਸਪੋਰਟਸ, 31 ਦਸੰਬਰ 2025: IND W ਬਨਾਮ SL W: ਭਾਰਤੀ ਮਹਿਲਾ ਟੀਮ ਨੇ ਤਿਰੂਵਨੰਤਪੁਰਮ ‘ਚ ਪੰਜਵੇਂ ਟੀ-20 ਮੈਚ ‘ਚ ਸ਼੍ਰੀਲੰਕਾ ਨੂੰ 15 ਦੌੜਾਂ ਨਾਲ ਹਰਾ ਕੇ 5-0 ਨਾਲ ਸੀਰੀਜ਼ ‘ਚ ਕਲੀਨ ਸਵੀਪ ਕਰ ਦਿੱਤਾ। ਇਸ ਜਿੱਤ ਦੇ ਨਾਲ ਕਪਤਾਨ ਹਰਮਨਪ੍ਰੀਤ ਕੌਰ ਮਹਿਲਾ ਟੀ-20 ‘ਚ ਸਭ ਤੋਂ ਵੱਧ ਜਿੱਤਾਂ ਵਾਲੀ ਕਪਤਾਨ ਬਣ ਗਈ। ਇਸਦੇ ਨਾਲ ਹੀ ਭਾਰਤੀ ਆਲਰਾਉਂਡਰ ਦੀਪਤੀ ਸ਼ਰਮਾ ਤੇ ਓਪਨਰ ਸਮ੍ਰਿਤੀ ਮੰਧਾਨਾ ਨੇ ਵੀ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ।
ਭਾਰਤ ਨੇ ਚੌਥੇ ਟੀ-20 ‘ਚ ਮਹਿਲਾ ਟੀ-20 ਇਤਿਹਾਸ ‘ਚ ਆਪਣਾ ਸਭ ਤੋਂ ਵੱਧ ਸਕੋਰ ਦਰਜ ਕੀਤਾ। ਭਾਰਤੀ ਟੀਮ ਨੇ ਤਿਰੂਵਨੰਤਪੁਰਮ ‘ਚ ਸ਼੍ਰੀਲੰਕਾ ਵਿਰੁੱਧ 221/2 ਦਾ ਸਕੋਰ ਬਣਾਇਆ। ਇਸ ਤੋਂ ਪਹਿਲਾਂ, ਭਾਰਤ ਨੇ 2024 ‘ਚ ਡੀਵਾਈ ਪਾਟਿਲ ਸਟੇਡੀਅਮ ‘ਚ ਵੈਸਟਇੰਡੀਜ਼ ਵਿਰੁੱਧ 217/4 ਦਾ ਸਕੋਰ ਬਣਾਇਆ ਸੀ।
ਦੀਪਤੀ ਸ਼ਰਮਾ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣੀ
ਦੀਪਤੀ ਸ਼ਰਮਾ ਮਹਿਲਾ ਟੀ-20 ਕ੍ਰਿਕਟ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣ ਗਈ ਹੈ। ਉਸ ਕੋਲ ਹੁਣ 133 ਮੈਚਾਂ ‘ਚ 152 ਵਿਕਟਾਂ ਹਨ। ਆਸਟ੍ਰੇਲੀਆ ਦੀ ਮੇਗਨ ਸ਼ੂਟ 123 ਮੈਚਾਂ ‘ਚ 151 ਵਿਕਟਾਂ ਨਾਲ ਦੂਜੇ ਸਥਾਨ ‘ਤੇ ਹੈ।
ਹਰਮਨਪ੍ਰੀਤ ਕੌਰ ਸਭ ਤੋਂ ਵੱਧ ਜਿੱਤਾਂ ਵਾਲੀ ਕਪਤਾਨ ਬਣੀ
ਹਰਮਨਪ੍ਰੀਤ ਕੌਰ ਦੇ ਕੋਲ ਮਹਿਲਾ ਟੀ-20 ਕ੍ਰਿਕਟ ‘ਚ ਕਪਤਾਨ ਵਜੋਂ ਸਭ ਤੋਂ ਵੱਧ ਜਿੱਤਾਂ ਦਾ ਰਿਕਾਰਡ ਹੈ। ਹਰਮਨਪ੍ਰੀਤ ਨੇ 133 ਮੈਚਾਂ ‘ਚ ਭਾਰਤ ਦੀ ਅਗਵਾਈ ਕੀਤੀ ਹੈ ਅਤੇ 79 ਜਿੱਤਾਂ ਦਰਜ ਕੀਤੀਆਂ ਹਨ। ਦੂਜੇ ਸਥਾਨ ‘ਤੇ ਆਸਟ੍ਰੇਲੀਆ ਦੀ ਮੇਗ ਲੈਨਿੰਗ ਹੈ, ਜਿਸਨੇ 100 ਮੈਚਾਂ ‘ਚ 76 ਜਿੱਤਾਂ ਦਰਜ ਕੀਤੀਆਂ ਹਨ, ਜਦੋਂ ਕਿ ਇੰਗਲੈਂਡ ਦੀ ਹੀਥਰ ਨਾਈਟ ਨੇ 96 ਮੈਚਾਂ ਵਿੱਚ 72 ਜਿੱਤਾਂ ਦਰਜ ਕੀਤੀਆਂ ਹਨ।
ਮੰਧਾਨਾ ਦੀਆਂ 10,000 ਅੰਤਰਰਾਸ਼ਟਰੀ ਦੌੜਾਂ ਪੂਰੀਆਂ
ਸਮ੍ਰਿਤੀ ਮੰਧਾਨਾ ਮਹਿਲਾ ਕ੍ਰਿਕਟ ਵਿੱਚ 10,000 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰਨ ਵਾਲੀ ਚੌਥੀ ਮਹਿਲਾ ਬੱਲੇਬਾਜ਼ ਬਣ ਗਈ ਹੈ। ਭਾਰਤ ਲਈ 10,868 ਦੌੜਾਂ ਬਣਾਉਣ ਵਾਲੀ ਮਿਤਾਲੀ ਰਾਜ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਹੈ। ਉਸ ਤੋਂ ਬਾਅਦ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ (10,652 ਦੌੜਾਂ) ਅਤੇ ਇੰਗਲੈਂਡ ਦੀ ਚਾਰਲੋਟ ਐਡਵਰਡਸ (10,273 ਦੌੜਾਂ) ਦਾ ਨੰਬਰ ਆਉਂਦਾ ਹੈ।
ਮੰਧਾਨਾ ਨੇ ਭਾਰਤੀ ਮਹਿਲਾਵਾਂ ਲਈ ਸਭ ਤੋਂ ਵੱਧ ਛੱਕੇ
ਸਮ੍ਰਿਤੀ ਮੰਧਾਨਾ ਦੇ ਕੋਲ ਮਹਿਲਾ ਟੀ-20 ‘ਚ ਭਾਰਤ ਲਈ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਹੈ। ਮੰਧਾਨਾ ਨੇ ਹੁਣ ਤੱਕ 157 ਮੈਚਾਂ ‘ਚ 80 ਛੱਕੇ ਲਗਾਏ ਹਨ। ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਇਸ ਸੂਚੀ ‘ਚ ਦੂਜੇ ਸਥਾਨ ‘ਤੇ ਹੈ, ਜਿਨ੍ਹਾਂ ਨੇ 187 ਮੈਚਾਂ ‘ਚ 79 ਤੋਂ ਵੱਧ ਛੱਕੇ ਲਗਾਏ ਹਨ।




