ਚੰਡੀਗੜ੍ਹ, 16 ਨਵੰਬਰ 2024: IND vs SA 4rd T20 MATCH: ਭਾਰਤ (Indian team) ਅਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਭਾਰਤੀ ਟੀਮ ਨੇ ਜਿੱਤ ਕੇ ਟੀ-20 ਸੀਰੀਜ਼ 3-1 ਨਾਲ ਆਪਣੇ ਨਾਂ ਕਰ ਲਈ ਹੈ | ਇਸਦੇ ਨਾਲ ਹੀ ਇਸ ਮੈਚ ‘ਚ ਭਾਰਤੀ ਟੀਮ ਨੇ ਕਈਂ ਵੱਡੇ ਰਿਕਾਰਡ ਵੀ ਆਪਣੇ ਨਾਂ ਕੀਤੇ ਹਨ |
ਇਸ ਟੀ-20 ਸੀਰੀਜ਼ ‘ਚ ਭਾਰਤੀ ਨੌਜਵਾਨ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਜੋ ਕਿ ਭਾਰਤੀ ਟੀਮ ਲਈ ਇੱਕ ਚੰਗਾ ਸੰਕੇਤ ਹੈ | ਭਾਰਤ ਨੇ ਚੌਥੇ ਟੀ-20 ਮੈਚ ‘ਚ ਦੱਖਣੀ ਅਫਰੀਕਾ ਨੂੰ 135 ਦੌੜਾਂ ਨਾਲ ਹਰਾ ਦਿੱਤਾ।
ਜੋਹਾਨਸਬਰਗ ‘ਚ ਖੇਡੇ ਗਏ ਇਸ ਮੈਚ ‘ਚ ਭਾਰਤੀ ਟੀਮ (Indian team) ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਸੰਜੂ ਸੈਮਸਨ ਅਤੇ ਤਿਲਕ ਵਰਮਾ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ 20 ਓਵਰਾਂ ‘ਚ ਇਕ ਵਿਕਟ ‘ਤੇ 283 ਦੌੜਾਂ ਬਣਾ ਦਿੱਤੀਆਂ। ਇਹ ਵਿਦੇਸ਼ੀ ਧਰਤੀ ‘ਤੇ ਦੂਜਾ ਸਭ ਤੋਂ ਵੱਡਾ ਟੀਚਾ ਹੈ ਜੋ ਭਾਰਤ ਟੀਮ ਨੇ ਬਣਾਇਆ ਹੈ |
ਦੂਜੇ ਪਾਸੇ ਦੱਖਣੀ ਅਫਰੀਕਾ ਦਾ ਇਸ ਮੈਚ ‘ਚ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ | ਦੌੜਾਂ ਦੇ ਲਿਹਾਜ਼ ਨਾਲ ਦੱਖਣੀ ਅਫਰੀਕਾ ਦੀ ਇਹ ਸਭ ਤੋਂ ਵੱਡੀ ਹਾਰ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਨੇ 2023 ‘ਚ ਉਨ੍ਹਾਂ ਨੂੰ 111 ਦੌੜਾਂ ਨਾਲ ਹਰਾਇਆ ਸੀ।
ਦੂਜੇ ਪਾਸੇ ਦੌੜਾਂ ਦੇ ਲਿਹਾਜ਼ ਨਾਲ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਪਿਛਲੇ ਸਾਲ ਭਾਰਤੀ ਟੀਮ ਨੇ ਘਰੇਲੂ ਮੈਦਾਨ ‘ਤੇ ਨਿਊਜ਼ੀਲੈਂਡ ਨੂੰ 168 ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ 2018 ‘ਚ ਆਇਰਲੈਂਡ ਨੂੰ 143 ਦੌੜਾਂ ਨਾਲ ਹਰਾਇਆ ਸੀ। ਹੁਣ ਭਾਰਤੀ ਟੀਮ ਨੇ ਟੀਮ ਨੂੰ 135 ਦੌੜਾਂ ਨਾਲ ਹਰਾ ਕੇ ਟੀ-20 ਵਿੱਚ ਆਪਣੀ ਤੀਜੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ।
ਇਸ ਮੈਚ ‘ਚ ਭਾਰਤੀ ਟੀਮ (Indian team) ਦੀ ਸ਼ੁਰੂਆਤ ਕਾਫ਼ੀ ਸ਼ਾਨਦਾਰ ਰਹੀ, ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਵਿਚਾਲੇ ਪਹਿਲੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੂੰ ਲੂਥੋ ਸਿਪਾਮਲਾ ਨੇ ਤੋੜਿਆ।ਛੇਵੇਂ ਓਵਰ ‘ਚ ਅਭਿਸ਼ੇਕ 36 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ । ਇਸ ਤੋਂ ਬਾਅਦ ਤਿਲਕ ਵਰਮਾ ਨੇ ਸੰਜੂ ਨਾਲ ਮੋਰਚਾ ਸੰਭਾਲ ਲਿਆ। ਸੰਜੂ ਤੇ ਤਿਲਕ ਨੇ ਦੂਜੀ ਵਿਕਟ ਲਈ ਨਾਬਾਦ 210 ਦੌੜਾਂ ਦੀ ਸਾਂਝੇਦਾਰੀ ਕੀਤੀ।
ਦੋਵਾਂ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤ ਦਾ ਸਕੋਰ 280 ਦੇ ਪਾਰ ਪਹੁੰਚ ਗਿਆ। ਸੰਜੂ ਸੈਮਸਨ ਨੇ 56 ਗੇਂਦਾਂ ‘ਚ ਛੇ ਚੌਕਿਆਂ ਤੇ ਨੌ ਛੱਕਿਆਂ ਦੀ ਮੱਦਦ ਨਾਲ 109 ਦੌੜਾਂ ਬਣਾਈਆਂ ਜਦਕਿ ਤਿਲਕ ਵਰਮਾ ਨੇ 47 ਗੇਂਦਾਂ ਦਾ ਸਾਹਮਣਾ ਕਰਦਿਆਂ 120 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 255.31 ਰਿਹਾ। ਤਿਲਕ ਦੇ ਬੱਲੇ ਤੋਂ 9 ਚੌਕੇ ਅਤੇ 10 ਛੱਕੇ ਆਏ। ਇਸ ਮੈਚ ‘ਚ ਸੰਜੂ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਤੀਜਾ ਅਤੇ ਤਿਲਕ ਨੇ ਲਗਾਤਾਰ ਦੂਜਾ ਸੈਂਕੜਾ ਲਗਾਇਆ। ਦੋਵਾਂ ਨੇ ਇਸ ਸੀਰੀਜ਼ ‘ਚ ਦੋ ਸੈਂਕੜੇ ਲਗਾਏ।
ਸੰਜੂ ਸੈਮਸਨ ਇੱਕ ਸਾਲ ‘ਚ ਤਿੰਨ ਟੀ-20 ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ ਬਣ ਗਏ ਹਨ | ਇਸਦੇ ਨਾਲ ਹੀ ਅਜਿਹਾ ਪਹਿਲੀ ਵਾਰ ਹੋਇਆ ਕਿ ਭਾਰਤੀ ਟੀਮ ਦੇ ਬੱਲੇਬਾਜਾਂ ਨੇ ਟੀ-20 ਮੈਚ ‘ਚ ਇੱਕ ਪਾਰੀ ‘ਚ ਦੋ ਸੈਂਕੜੇ ਜੜੇ ਹਨ | ਅੰਤਰਰਾਸ਼ਟਰੀ ਟੀ-20 ‘ਚ ਅਜਿਹਾ ਤਿੰਨ ਵਾਰ ਹੋਇਆ ਹੈ |
ਟੀਚੇ ਦਾ ਪਿੱਛਾ ਕਰਨ ਦੱਖਣੀ ਅਫਰੀਕਾ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਪਾਵਰਪਲੇ ‘ਚ ਹੀ ਦੱਖਣੀ ਅਫਰੀਕਾ ਨੇ ਚਾਰ ਵਿਕਟਾਂ ਗੁਆ ਦਿੱਤੀਆਂ। ਡੇਵਿਡ ਮਿਲਰ ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਦੋਨਾਂ ਬੱਲੇਬਾਜ਼ਾਂ ਦੇ ਆਊਟ ਹੋਣ ਤੋਂ ਬਾਅਦ ਦੱਖਣੀ ਅਫ਼ਰੀਕਾ ਦੀ ਟੀਮ ਵਾਪਸੀ ਨਹੀਂ ਕਰ ਸਕੀ | ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 18.2 ਓਵਰਾਂ ‘ਚ 10 ਵਿਕਟਾਂ ‘ਤੇ 148 ਦੌੜਾਂ ਹੀ ਬਣਾ ਸਕੀ।
ਭਾਰਤ ਲਈ ਅਰਸ਼ਦੀਪ ਨੇ ਤਿੰਨ ਵਿਕਟਾਂ ਲਈਆਂ ਜਦਕਿ ਵਰੁਣ ਚੱਕਰਵਰਤੀ ਅਤੇ ਅਕਸ਼ਰ ਪਟੇਲ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਹਾਰਦਿਕ ਪੰਡਯਾ, ਰਮਨਦੀਪ ਸਿੰਘ ਅਤੇ ਰਵੀ ਬਿਸ਼ਨੋਈ ਨੇ ਇੱਕ-ਇੱਕ ਵਿਕਟ ਲਈ।