July 7, 2024 7:29 pm

IND vs SA: ਦੱਖਣੀ ਅਫਰੀਕਾ ਨੇ ਦੂਜੇ ਵਨਡੇ ਮੈਚ ‘ਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

ਚੰਡੀਗੜ੍ਹ, 19 ਦਸੰਬਰ, 2023:(IND vs SA 2rd ODIਮੇਜ਼ਬਾਨ ਦੱਖਣੀ ਅਫਰੀਕਾ ਨੇ ਵਨਡੇ ਸੀਰੀਜ਼ ਦੇ ਦੂਜੇ ਮੈਚ ‘ਚ ਭਾਰਤ ‘ਤੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ 3 ਮੈਚਾਂ ਦੀ ਸੀਰੀਜ਼ ਨੇ ਰੋਮਾਂਚਕ ਮੋੜ ਲੈ ਲਿਆ ਹੈ। ਹੁਣ ਦੋਵੇਂ ਟੀਮਾਂ 1-1 ਨਾਲ ਬਰਾਬਰੀ ‘ਤੇ ਹਨ, ਜਿਸ ਦਾ ਮਤਲਬ ਹੈ ਕਿ ਜੇਤੂ ਦਾ ਫੈਸਲਾ 21 ਦਸੰਬਰ ਨੂੰ ਪਾਰਲ ‘ਚ ਹੋਣ ਵਾਲੇ ਤੀਜੇ ਅਤੇ ਫੈਸਲਾਕੁੰਨ ਮੈਚ ਨਾਲ ਹੋਵੇਗਾ।

ਮੰਗਲਵਾਰ ਨੂੰ ਅਫਰੀਕੀ ਟੀਮ ਨੇ ਕੇਬੇਰਾ ਦੇ ਸੇਂਟ ਜਾਰਜ ਪਾਰਕ ਸਟੇਡੀਅਮ ‘ਚ 42.3 ਓਵਰਾਂ ‘ਚ ਇਕ ਵਿਕਟ ਦੇ ਨੁਕਸਾਨ ‘ਤੇ 212 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਸਲਾਮੀ ਬੱਲੇਬਾਜ਼ ਟੋਨੀ ਡੀਜਾਰਜ (ਨਾਬਾਦ 119) ਨੇ ਆਪਣੇ ਵਨਡੇ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ, ਜਦਕਿ ਰੀਸ ਹੈਂਡਿਕਸ (52 ਦੌੜਾਂ) ਨੇ ਆਪਣਾ 7ਵਾਂ ਅਰਧ ਸੈਂਕੜਾ ਲਗਾਇਆ। ਰਾਸੀ ਵਾਨ ਡੇਰ ਡੁਸਨ ਨੇ 36 ਦੌੜਾਂ ਦਾ ਯੋਗਦਾਨ ਦਿੱਤਾ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 46.2 ਓਵਰਾਂ ‘ਚ 211 ਦੌੜਾਂ ‘ਤੇ ਆਲ ਆਊਟ ਹੋ ਗਈ। ਸਲਾਮੀ ਬੱਲੇਬਾਜ਼ ਸਾਈ ਸੁਦਰਸ਼ਨ ਨੇ 62 ਦੌੜਾਂ ਬਣਾਈਆਂ, ਜਦਕਿ ਕੇਐੱਲ ਰਾਹੁਲ ਨੇ 56 ਦੌੜਾਂ ਦੀ ਪਾਰੀ ਖੇਡੀ। ਨੰਦਰੇ ਬਰਗਰ ਨੇ 3 ਵਿਕਟਾਂ ਹਾਸਲ ਕੀਤੀਆਂ।