IND ਬਨਾਮ SA

IND ਬਨਾਮ SA: ਸ਼ੁਭਮਨ ਗਿੱਲ ਦਾ ਗੁਹਾਟੀ ਟੈਸਟ ਖੇਡਣਾ ਮੁਸ਼ਕਿਲ, ਰਿਸ਼ਭ ਪੰਤ ਟੀਮ ਦੀ ਕਰਨਗੇ ਕਪਤਾਨੀ !

ਸਪੋਰਟਸ, 17 ਨਵੰਬਰ 2025: ਭਾਰਤ ਦੇ ਟੈਸਟ ਕਪਤਾਨ ਸ਼ੁਭਮਨ ਗਿੱਲ ਦੇ ਗੁਹਾਟੀ ਟੈਸਟ ‘ਚ ਖੇਡਣ ਦੀ ਸੰਭਾਵਨਾ ਘੱਟ ਹੈ। ਪਹਿਲੇ ਟੈਸਟ ਦੀ ਪਹਿਲੀ ਪਾਰੀ ‘ਚ ਤਿੰਨ ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਹ ਰਿਟਾਇਰਡ ਹਰਟ ਹੋ ਗਿਆ ਸੀ। ਗਿੱਲ ਨੇ ਦੂਜੀ ਪਾਰੀ’ਚ ਬੱਲੇਬਾਜ਼ੀ ਨਹੀਂ ਕੀਤੀ।

ਗਿੱਲ ਨੂੰ ਗਰਦਨ ‘ਚ ਦਿੱਕਤ ਦੀ ਸ਼ਿਕਾਇਤ ਤੋਂ ਬਾਅਦ ਸ਼ਨੀਵਾਰ ਨੂੰ ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਐਤਵਾਰ ਸ਼ਾਮ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।

ਭਾਰਤੀ ਟੀਮ ਐਤਵਾਰ ਨੂੰ ਕੋਲਕਾਤਾ ਟੈਸਟ 30 ਦੌੜਾਂ ਨਾਲ ਹਾਰ ਗਈ ਸੀ। 124 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਟੀਮ 93 ਦੌੜਾਂ ‘ਤੇ ਢਹਿ ਗਈ। ਇਸ ਨਾਲ ਦੱਖਣੀ ਅਫਰੀਕਾ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਲਈ ਭਾਰਤ ਨੂੰ ਸੀਰੀਜ਼ ਡਰਾਅ ਕਰਨ ਲਈ ਦੂਜਾ ਮੈਚ ਜਿੱਤਣਾ ਲਾਜ਼ਮੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਗਿੱਲ ਦੇ ਦੂਜੇ ਟੈਸਟ ‘ਚ ਖੇਡਣ ਦੀ ਸੰਭਾਵਨਾ ਘੱਟ ਹੈ। ਟੀਮ ਪ੍ਰਬੰਧਨ ਨੇ ਅਜੇ ਤੱਕ ਦੂਜੇ ਮੈਚ ‘ਚ ਉਸਦੀ ਭਾਗੀਦਾਰੀ ਬਾਰੇ ਫੈਸਲਾ ਨਹੀਂ ਲਿਆ ਹੈ। ਟੀਮ ਮੰਗਲਵਾਰ ਨੂੰ ਕੋਲਕਾਤਾ ਤੋਂ ਗੁਹਾਟੀ ਲਈ ਰਵਾਨਾ ਹੋਵੇਗੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੂਜਾ ਟੈਸਟ 22 ਨਵੰਬਰ ਤੋਂ ਗੁਹਾਟੀ ‘ਚ ਖੇਡਿਆ ਜਾਵੇਗਾ।

ਜੇਕਰ ਗਿੱਲ ਗੁਹਾਟੀ ਟੈਸਟ ਖੇਡਣ ‘ਚ ਅਸਮਰੱਥ ਰਹਿੰਦਾ ਹੈ, ਤਾਂ ਉਪ-ਕਪਤਾਨ ਰਿਸ਼ਭ ਪੰਤ ਟੀਮ ਦੀ ਕਪਤਾਨੀ ਕਰਨਗੇ। ਗਿੱਲ ਦੇ ਬਾਹਰ ਹੋਣ ਤੋਂ ਬਾਅਦ ਪੰਤ ਨੇ ਕੋਲਕਾਤਾ ਟੈਸਟ ਦਾ ਵੀ ਚਾਰਜ ਸੰਭਾਲਿਆ। ਕਪਤਾਨ ਦੀ ਗੈਰ-ਮੌਜੂਦਗੀ ‘ਚ ਉਪ-ਕਪਤਾਨ ਟੀਮ ਦੀ ਅਗਵਾਈ ਕਰਦਾ ਹੈ।

Read More: IND ਬਨਾਮ SA: ਕਪਤਾਨ ਸ਼ੁਭਮਨ ਗਿੱਲ ਚੱਲਦੇ ਮੈਚ ਤੋਂ ਰਿਟਾਇਰਡ ਹਰਟ, ਭਾਰਤ ਦੇ 6 ਵਿਕਟ ਡਿੱਗੇ

Scroll to Top