ਸਪੋਰਟਸ, 13 ਸਤੰਬਰ 2025: IND ਬਨਾਮ PAK: ਏਸ਼ੀਆ ਕੱਪ 2025 ਦਾ ਸਭ ਤੋਂ ਵੱਡਾ ਮੈਚ ਹੁਣ ਕੁਝ ਘੰਟੇ ਦੂਰ ਹੈ। ਭਾਰਤ ਅਤੇ ਪਾਕਿਸਤਾਨ 14 ਸਤੰਬਰ (ਐਤਵਾਰ) ਦੀ ਸ਼ਾਮ ਨੂੰ ਦੁਬਈ ‘ਚ ਇੱਕ ਦੂਜੇ ਦਾ ਸਾਹਮਣਾ ਕਰਨਗੇ। ਇਹ ਮੈਚ ਰਾਤ 8 ਵਜੇ ਤੋਂ ਖੇਡਿਆ ਜਾਵੇਗਾ ਅਤੇ ਖਾਸ ਗੱਲ ਇਹ ਹੈ ਕਿ ਪਿਛਲੇ ਦਹਾਕੇ ‘ਚ ਪਹਿਲੀ ਵਾਰ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਵਰਗੇ ਦਿੱਗਜ ਭਾਰਤ-ਪਾਕਿਸਤਾਨ ਟਕਰਾਅ ‘ਚ ਮੈਦਾਨ ‘ਤੇ ਨਹੀਂ ਹੋਣਗੇ। ਫਿਰ ਵੀ ਦੋਵਾਂ ਟੀਮਾਂ ਦੇ ਨੌਜਵਾਨ ਖਿਡਾਰੀ ਅਤੇ ਸਟਾਰ ਆਲਰਾਊਂਡਰ ਇਸ ਹਾਈ-ਵੋਲਟੇਜ ਟਕਰਾਅ ਨੂੰ ਯਾਦਗਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।
IND ਬਨਾਮ PAK ਮੈਚ ਕਿੱਥੇ ਲਾਈਵ ਦੇਖ ਸਕਦੇ ਹੋ ?
ਇਸ ਮੈਚ ਦਾ ਸਿੱਧਾ ਪ੍ਰਸਾਰਣ ਸੋਨੀ ਸਪੋਰਟਸ ਨੈੱਟਵਰਕ ‘ਤੇ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਦਰਸ਼ਕ ਮੋਬਾਈਲ ਅਤੇ ਲੈਪਟਾਪ ‘ਤੇ ਮੈਚ ਦੇਖਣ ਲਈ ਸੋਨੀ LIV ਐਪ ਦੀ ਵਰਤੋਂ ਕਰ ਸਕਦੇ ਹਨ। ਯਾਨੀ ਪ੍ਰਸ਼ੰਸਕ ਘਰ ‘ਚ ਹੋਣ ਜਾਂ ਬਾਹਰ, ਉਹ ਕਿਤੇ ਵੀ ਭਾਰਤ-ਪਾਕਿਸਤਾਨ ਦੇ ਰੋਮਾਂਚ ਨੂੰ ਨਹੀਂ ਗੁਆਉਣਗੇ।
ਏਸ਼ੀਆ ਕੱਪ ‘ਚ ਭਾਰਤ-ਪਾਕਿਸਤਾਨ ਦਾ ਰਿਕਾਰਡ
ਹੁਣ ਤੱਕ, ਦੋਵੇਂ ਟੀਮਾਂ ਏਸ਼ੀਆ ਕੱਪ ‘ਚ 19 ਵਾਰ ਟਕਰਾ ਚੁੱਕੀਆਂ ਹਨ। ਇਨ੍ਹਾਂ ‘ਚੋਂ ਭਾਰਤ ਨੇ 10 ਮੈਚ ਜਿੱਤੇ ਹਨ ਜਦੋਂ ਕਿ ਪਾਕਿਸਤਾਨ ਨੇ 6 ਵਾਰ ਜਿੱਤ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ, ਤਿੰਨ ਮੈਚ ਮੀਂਹ ਕਾਰਨ ਰੱਦ ਹੋ ਗਏ ਸਨ। ਪਾਕਿਸਤਾਨ ਨੇ ਆਖਰੀ ਵਾਰ 2022 ‘ਚ ਦੁਬਈ ‘ਚ ਭਾਰਤ ਨੂੰ ਹਰਾਇਆ ਸੀ, ਜਦੋਂ ਮੁਹੰਮਦ ਰਿਜ਼ਵਾਨ ਅਤੇ ਮੁਹੰਮਦ ਨਵਾਜ਼ ਦੀ ਵਿਸਫੋਟਕ ਬੱਲੇਬਾਜ਼ੀ ਨੇ ਮੈਚ ਦਾ ਪਾਸਾ ਪਲਟ ਦਿੱਤਾ ਸੀ।
ਭਾਰਤ ਦੀ ਪਲੇਇੰਗ ਇਲੈਵਨ
ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਕੁਲਦੀਪ ਯਾਦਵ।
ਭਾਰਤ-ਪਾਕਿਸਤਾਨ ਕਦੇ ਵੀ ਫਾਈਨਲ ‘ਚ ਨਹੀਂ ਖੇਡੇ
ਏਸ਼ੀਆ ਕੱਪ 17ਵੀਂ ਵਾਰ ਖੇਡਿਆ ਜਾ ਰਿਹਾ ਹੈ। ਇਸ ਦੌਰਾਨ, ਦੋਵਾਂ ਟੀਮਾਂ ਨੇ ਇੱਕ-ਇੱਕ ਵਾਰ ਇਸ ਟੂਰਨਾਮੈਂਟ ਦਾ ਬਾਈਕਾਟ ਕੀਤਾ ਹੈ, ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਵਾਂ ਟੀਮਾਂ ਨੇ ਏਸ਼ੀਆ ਕੱਪ ‘ਚ ਕਦੇ ਵੀ ਇੱਕ ਦੂਜੇ ਦੇ ਖਿਲਾਫ ਫਾਈਨਲ ਨਹੀਂ ਖੇਡਿਆ ਹੈ। ਭਾਰਤੀ ਟੀਮ ਨੇ ਇਹ ਖਿਤਾਬ 15 ‘ਚੋਂ 8 ਵਾਰ (1984, 1988, 1990, 1995, 2010, 2016, 2018, 2023) ਜਿੱਤਿਆ ਹੈ। ਜਦੋਂ ਕਿ ਉਸਨੂੰ ਤਿੰਨ ਵਾਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਸਿਰਫ਼ 4 ਵਾਰ ਹੀ ਫਾਈਨਲ ‘ਚ ਜਗ੍ਹਾ ਬਣਾਉਣ ‘ਚ ਅਸਫਲ ਰਿਹਾ ਹੈ।
Read More: IND ਬਨਾਮ PAK: ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ ਦੀ ਵਿਕਰੀ ‘ਚ ਆਈ ਕਮੀ