July 7, 2024 5:40 am
Asia Cup

IND vs PAK: ਭਲਕੇ ਭਾਰਤ-ਪਾਕਿਸਤਾਨ ਵਿਚਾਲੇ ਮਹਾਂਮੁਕਾਬਲਾ, ਜਾਣੋ ਕਿਵੇਂ ਫ੍ਰੀ ‘ਚ ਦੇਖ ਸਕੋਗੇ ਮੈਚ

ਚੰਡੀਗੜ੍ਹ, 01 ਸਤੰਬਰ 2023: (IND vs PAK) ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ 2023 (Asia Cup 2023) ਦਾ ਮਹਾਂਮੁਕਾਬਲਾ ਭਲਕੇ 2 ਸਤੰਬਰ ਨੂੰ ਸ਼੍ਰੀਲੰਕਾ ਦੇ ਪੱਲੇਕੇਲੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਟੂਰਨਾਮੈਂਟ ‘ਚ ਗਰੁੱਪ-ਏ ਦਾ ਹਿੱਸਾ ਹਨ। ਇਸ ਮੈਚ ‘ਚ ਹਿੱਸਾ ਲੈਣ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਦੋਵੇਂ ਟੀਮਾਂ ਪਾਕਿਸਤਾਨ ਪਹੁੰਚ ਚੁੱਕੀਆਂ ਹਨ।

ਪਾਕਿਸਤਾਨੀ ਟੀਮ ਨੇ ਨੇਪਾਲ ਖਿਲਾਫ ਆਪਣੇ ਪਹਿਲੇ ਮੈਚ ‘ਚ 238 ਦੌੜਾਂ ਦੀ ਵੱਡੀ ਜਿੱਤ ਦਰਜ ਕਰਕੇ ਸੁਪਰ-4 ‘ਚ ਜਗ੍ਹਾ ਬਣਾਉਣ ਵੱਲ ਕਦਮ ਵਧਾ ਲਿਆ ਹੈ। ਭਾਰਤੀ ਟੀਮ ਇਸ ਮੈਚ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਭਾਰਤੀ ਟੀਮ ਲੰਬੇ ਸਮੇਂ ਬਾਅਦ ਵਨਡੇ ‘ਚ ਆਪਣੀ ਪੂਰੀ ਤਾਕਤ ਨਾਲ ਖੇਡੇਗੀ। ਅਜਿਹੇ ‘ਚ ਆਗਾਮੀ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਸਾਰੇ ਖਿਡਾਰੀਆਂ ਨੂੰ ਪਰਖਣ ਦਾ ਵੀ ਇਹ ਵਧੀਆ ਮੌਕਾ ਹੋਵੇਗਾ। ਇਸ ਮੈਚ ‘ਚ ਕਪਤਾਨ ਰੋਹਿਤ ਸ਼ਰਮਾ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਟੀਮ ਇੰਡੀਆ ਲਈ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆ ਸਕਦੇ ਹਨ।

ਸਾਬਕਾ ਆਸਟਰੇਲੀਆਈ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਚਾਹੁੰਦਾ ਹੈ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਯੂਏਈ 2021 ਟੀ-20 ਵਿਸ਼ਵ ਕੱਪ ਵਰਗੀ ਸਥਿਤੀ ਤੋਂ ਬਚਣ ਲਈ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੇ ਪਹਿਲੇ ਤਿੰਨ ਓਵਰਾਂ ਵਿੱਚ ਸਾਵਧਾਨ ਰਹਿਣ। ਰੋਹਿਤ ਨੂੰ ਟੀ-20 ਵਿਸ਼ਵ ਕੱਪ ‘ਚ ਅਫਰੀਦੀ ਨੇ ਯੌਰਕਰ ਦੀ ਗੇਂਦ ‘ਤੇ ਬੋਲਡ ਕੀਤਾ ਸੀ। ਉਹ ਇਸ ਮੈਚ ਵਿੱਚ ਖਾਤਾ ਖੋਲ੍ਹਣ ਵਿੱਚ ਨਾਕਾਮ ਰਹੇ ਸਨ । ਭਾਰਤ ਨੂੰ ਇਸ ਗਰੁੱਪ ਮੈਚ ਵਿੱਚ 10 ਵਿਕਟਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ |

ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦਾ ਟਾਸ ਦੁਪਹਿਰ 2:30 ਵਜੇ ਹੋਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਮੈਚ ਦਾ ਸਿੱਧਾ ਪ੍ਰਸਾਰਣ ਫ੍ਰੀ-ਡਿਸ਼ ਰਾਹੀਂ ਸਟਾਰ ਸਪੋਰਟਸ ਨੈੱਟਵਰਕ ਅਤੇ ਡੀਡੀ ਸਪੋਰਟਸ ਚੈਨਲ ‘ਤੇ ਭਾਰਤ ਦੇ ਟੀਵੀ ‘ਤੇ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਮੈਚ ਦੀ ਆਨਲਾਈਨ ਸਟ੍ਰੀਮਿੰਗ ਡਿਜ਼ਨੀ ਪਲੱਸ ਹੌਟਸਟਾਰ ‘ਤੇ ਕੀਤੀ ਜਾਵੇਗੀ, ਜਿਸ ਨੂੰ ਉਪਭੋਗਤਾ ਮੋਬਾਈਲ ‘ਤੇ ਮੁਫਤ ਵਿਚ ਦੇਖ ਸਕਦੇ ਹਨ।