July 2, 2024 9:41 pm
Babar Azam

IND vs PAK: ਅਹਿਮਦਾਬਾਦ ‘ਚ ਭਲਕੇ ਭਾਰਤ-ਪਾਕਿਸਤਾਨ ਵਿਚਾਲੇ ਮਹਾਂਮੁਕਾਬਲਾ, ਬਾਬਰ ਆਜ਼ਮ ਨੇ ਕਿਹਾ- ਟੀਮ ‘ਤੇ ਕੋਈ ਦਬਾਅ ਨਹੀਂ

ਚੰਡੀਗੜ੍ਹ, 13 ਅਕਤੂਬਰ 2023: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਨੀਵਾਰ (14 ਅਕਤੂਬਰ) ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਦਾ ਮੈਚ ਖੇਡਿਆ ਜਾਵੇਗਾ। ਇਸ ਮੈਚ ਲਈ ਦੋਵੇਂ ਟੀਮਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਮੈਚ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ (Babar Azam) ਨੇ ਇੱਕ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਵਿੱਚ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਜੋ ਕੁਝ ਵੀ ਹੋਇਆ ਹੈ, ਉਹ ਬਹੁਤਾ ਮਹੱਤਵਪੂਰਨ ਨਹੀਂ ਹੈ। ਬਾਬਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਟੀਮ ਅਹਿਮਦਾਬਾਦ ਦੇ ਵੱਡੇ ਸਟੇਡੀਅਮ ਵਿੱਚ ਖੇਡਣ ਲਈ ਤਿਆਰ ਹੈ ਅਤੇ ਇਸ ਸਬੰਧੀ ਕੋਈ ਦਬਾਅ ਨਹੀਂ ਹੈ।

ਬਾਬਰ ਆਜ਼ਮ (Babar Azam) ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਅਤੀਤ ‘ਚ ਜੋ ਹੋਇਆ ਉਹ ਮਹੱਤਵਪੂਰਨ ਨਹੀਂ ਹੈ। ਅਸੀਂ ਵਰਤਮਾਨ ਵਿੱਚ ਰਹਿਣਾ ਚਾਹੁੰਦੇ ਹਾਂ। ਮੈਨੂੰ ਲੱਗਦਾ ਹੈ ਕਿ ਅਸੀਂ ਚੰਗਾ ਕਰ ਸਕਦੇ ਹਾਂ। ਭਾਰਤ-ਪਾਕਿਸਤਾਨ ਮੈਚ ਜ਼ਬਰਦਸਤ ਹੈ। ਪ੍ਰਸ਼ੰਸਕ ਵੱਡੀ ਗਿਣਤੀ ‘ਚ ਆ ਰਹੇ ਹਨ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਪ੍ਰਸ਼ੰਸਕਾਂ ਦੇ ਸਾਹਮਣੇ ਚੰਗਾ ਪ੍ਰਦਰਸ਼ਨ ਕਰਨ ਦਾ ਮੌਕਾ ਹੈ। ਅਸੀਂ ਉਸੇ ਹਿਸਾਬ ਨਾਲ ਯੋਜਨਾ ਬਣਾਵਾਂਗੇ ਕਿਉਂਕਿ ਪਹਿਲੇ 10 ਓਵਰਾਂ ਵਿੱਚ ਵਿਕਟ ਵੱਖਰੀ ਹੁੰਦੀ ਹੈ ਅਤੇ 10 ਓਵਰਾਂ ਤੋਂ ਬਾਅਦ ਵੱਖਰੀ ਹੁੰਦੀ ਹੈ। ਇਸ ਲਈ ਸਾਨੂੰ ਉਸ ਮੁਤਾਬਕ ਯੋਜਨਾ ਬਣਾਉਣੀ ਪਵੇਗੀ।”

ਆਪਣੀ ਟੀਮ ਦੀ ਗੇਂਦਬਾਜ਼ੀ ਬਾਰੇ ਬਾਬਰ ਨੇ ਕਿਹਾ, ”ਅਸੀਂ ਨਸੀਮ ਸ਼ਾਹ ਦੀ ਕਮੀ ਮਹਿਸੂਸ ਕਰਾਂਗੇ। ਸ਼ਾਹੀਨ ਅਫਰੀਦੀ ਸਾਡਾ ਸਭ ਤੋਂ ਵਧੀਆ ਗੇਂਦਬਾਜ਼ ਹੈ। ਅਸੀਂ ਉਸ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਉਹ ਆਪਣੇ ਆਪ ਵਿੱਚ ਵਿਸ਼ਵਾਸ ਕਰਦਾ ਹੈ। ਇਹ ਸਾਡੇ ਲਈ ਦਬਾਅ ਵਾਲਾ ਮੈਚ ਨਹੀਂ ਹੈ। ਅਸੀਂ ਕਈ ਵਾਰ ਇੱਕ ਦੂਜੇ ਨੂੰ ਖੇਡ ਚੁੱਕੇ ਹਾਂ। ਸਾਨੂੰ ਹੈਦਰਾਬਾਦ ਵਿੱਚ ਬਹੁਤ ਸਮਰਥਨ ਮਿਲਿਆ ਅਤੇ ਅਸੀਂ ਅਹਿਮਦਾਬਾਦ ਲਈ ਵੀ ਇਹੀ ਉਮੀਦ ਕਰਦੇ ਹਾਂ।