July 2, 2024 8:12 pm
Shubman Gill

IND vs NZ: ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਵਨਡੇ ‘ਚ ਟੁੱਟੇ ਇਹ 6 ਰਿਕਾਰਡ, ਸ਼ੁਭਮਨ ਗਿੱਲ ਨੇ ਇਮਾਮ-ਉਲ-ਹੱਕ ਨੂੰ ਪਿੱਛੇ ਛੱਡਿਆ

ਚੰਡੀਗੜ੍ਹ, 25 ਜਨਵਰੀ 2023: ਭਾਰਤੀ ਟੀਮ ਨੇ ਤੀਜੇ ਵਨਡੇ ‘ਚ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ‘ਚ ਨਿਊਜ਼ੀਲੈਂਡ ਨੂੰ 90 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਕਰ ਲਿਆ ਹੈ। ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਹੋਏ ਇਸ ਮੈਚ ‘ਚ ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (Shubman Gill), ਕਪਤਾਨ ਰੋਹਿਤ ਸ਼ਰਮਾ ਅਤੇ ਪੂਰੀ ਟੀਮ ਨੇ ਇਕ ਤੋਂ ਵਧ ਕੇ 6 ਵੱਡੇ ਰਿਕਾਰਡ ਬਣਾਏ।

1. ਭਾਰਤ ਦਾ ਨਿਊਜ਼ੀਲੈਂਡ ਖ਼ਿਲਾਫ਼ ਦੂਜਾ ਸਭ ਤੋਂ ਵੱਡਾ ਸਕੋਰ

ਜੇਕਰ ਭਾਰਤੀ ਟੀਮ ਇਸ ਮੈਚ ‘ਚ 8 ਦੌੜਾਂ ਹੋਰ ਬਣਾ ਲੈਂਦੀ ਤਾਂ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ‘ਚ ਆਪਣਾ ਸਭ ਤੋਂ ਵੱਡਾ ਸਕੋਰ ਬਣਾ ਸਕਦੀ ਸੀ। ਭਾਰਤ ਨੇ 2009 ਵਿੱਚ ਕ੍ਰਾਈਸਟਚਰਚ ਵਨਡੇ ਵਿੱਚ ਕੀਵੀਆਂ ਦੇ ਖ਼ਿਲਾਫ਼ 392/4 ਦਾ ਸਕੋਰ ਬਣਾਇਆ ਸੀ।

2. ਨਿਊਜ਼ੀਲੈਂਡ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ

ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ (Shubman Gill) ਨੇ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਕ੍ਰਿਕਟ ‘ਚ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਦਾ ਰਿਕਾਰਡ ਬਣਾਇਆ ਹੈ। ਦੋਵਾਂ ਨੇ ਪਹਿਲੀ ਵਿਕਟ ਦੀ ਸਾਂਝੇਦਾਰੀ ਵਿੱਚ 212 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਇਹ ਰਿਕਾਰਡ ਵੀਰੇਂਦਰ ਸਹਿਵਾਗ ਅਤੇ ਗੌਤਮ ਗੰਭੀਰ ਦੇ ਨਾਂ ਸੀ। ਦੋਵਾਂ ਨੇ 2009 ‘ਚ ਹੈਮਿਲਟਨ ‘ਚ 201 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।

3. ਭਾਰਤ ਦੇ 23 ਸਾਲਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਵਨਡੇ ਕ੍ਰਿਕਟ ‘ਚ 21 ਪਾਰੀਆਂ ਖੇਡ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਸਨੇ ਹੁਣ ਤੱਕ 21 ਵਨਡੇ ਖੇਡੇ ਹਨ ਅਤੇ 21 ਪਾਰੀਆਂ ਵਿੱਚ 73.76 ਦੀ ਔਸਤ ਨਾਲ 1,254 ਦੌੜਾਂ ਬਣਾਈਆਂ ਹਨ। ਗਿੱਲ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਇਮਾਮ-ਉਲ-ਹੱਕ ਦੇ ਨਾਂ ਸੀ। ਇਮਾਮ ਨੇ ਆਪਣੇ ਕਰੀਅਰ ਦੀਆਂ ਪਹਿਲੀਆਂ 21 ਪਾਰੀਆਂ ਵਿੱਚ 60.56 ਦੀ ਔਸਤ ਨਾਲ 1,090 ਦੌੜਾਂ ਬਣਾਈਆਂ।

ਇੰਨਾ ਹੀ ਨਹੀਂ 22, 23 ਅਤੇ 24 ਪਾਰੀਆਂ ਤੋਂ ਬਾਅਦ ਵੀ ਗਿੱਲ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣਨਾ ਲਗਭਗ ਤੈਅ ਹੋ ਗਿਆ ਹੈ | ਅਜਿਹਾ ਇਸ ਲਈ ਕਿਉਂਕਿ 24 ਪਾਰੀਆਂ ਤੋਂ ਬਾਅਦ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ 1,194 ਦੌੜਾਂ (ਜੋਨਾਥਨ ਟ੍ਰੌਟ, ਇੰਗਲੈਂਡ) ਦਾ ਹੈ। ਗਿੱਲ ਪਹਿਲਾਂ ਹੀ ਇਸ ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। 25 ਪਾਰੀਆਂ ਦਾ ਰਿਕਾਰਡ ਬਾਬਰ ਆਜ਼ਮ ਦੇ ਨਾਂ ਹੈ। ਬਾਬਰ ਨੇ ਆਪਣੀਆਂ ਪਹਿਲੀਆਂ 25 ਪਾਰੀਆਂ ਵਿੱਚ 1,306 ਦੌੜਾਂ ਬਣਾਈਆਂ ਸਨ । ਯਾਨੀ ਜੇਕਰ ਗਿੱਲ ਅਗਲੀਆਂ ਤਿੰਨ ਪਾਰੀਆਂ ਵਿੱਚ 53 ਦੌੜਾਂ ਬਣਾ ਲੈਂਦਾ ਹੈ ਤਾਂ ਬਾਬਰ ਦਾ ਰਿਕਾਰਡ ਵੀ ਟੁੱਟ ਜਾਵੇਗਾ।

4. ਬਾਬਰ ਦੇ 7 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ

ਇਸ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਗਿੱਲ ਨੇ ਬਾਬਰ ਆਜ਼ਮ ਦੇ ਸੱਤ ਸਾਲ ਪੁਰਾਣੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਇਹ ਤਿੰਨ ਇੱਕ ਰੋਜ਼ਾ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ। 2016 ਵਿੱਚ, ਬਾਬਰ ਨੇ ਵੈਸਟਇੰਡੀਜ਼ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 360 ਦੌੜਾਂ ਬਣਾਈਆਂ ਸਨ। ਗਿੱਲ ਨੇ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ‘ਚ ਵੀ 360 ਦੌੜਾਂ ਬਣਾਈਆਂ ਹਨ।5. ਭਾਰਤ ਵੱਲੋਂ ਇੱਕ ਵਨਡੇ ਵਿੱਚ ਸਭ ਤੋਂ ਵੱਧ ਛੱਕੇ

ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਵਨਡੇ ‘ਚ ਭਾਰਤ ਦੇ ਸਾਰੇ ਬੱਲੇਬਾਜ਼ਾਂ ਨੇ ਮਿਲ ਕੇ 19 ਛੱਕੇ ਲਗਾਏ। ਇਹ ਇੱਕ ਵਨਡੇ ਵਿੱਚ ਸਭ ਤੋਂ ਵੱਧ ਛੱਕਿਆਂ ਦੇ ਪਿਛਲੇ ਭਾਰਤੀ ਰਿਕਾਰਡ ਦੀ ਬਰਾਬਰੀ ਕਰਦਾ ਹੈ। ਭਾਰਤੀ ਟੀਮ ਨੇ 2013 ‘ਚ ਬੰਗਲੌਰ ‘ਚ ਆਸਟ੍ਰੇਲੀਆ ਖ਼ਿਲਾਫ਼ ਵੀ 19 ਛੱਕੇ ਲਗਾਏ ਸਨ। ਫਿਰ 16 ਛੱਕੇ ਇਕੱਲੇ ਰੋਹਿਤ ਸ਼ਰਮਾ ਨੇ ਲਗਾਏ।

6. ਸਚਿਨ ਅਤੇ ਵਿਰਾਟ ਤੋਂ ਬਾਅਦ ਰੋਹਿਤ ਸ਼ਰਮਾ

ਰੋਹਿਤ ਸ਼ਰਮਾ ਨੇ ਵਨਡੇ ਕਰੀਅਰ ਦਾ 30ਵਾਂ ਸੈਂਕੜਾ ਲਗਾਇਆ ਹੈ। ਇਸ ਨਾਲ ਉਸ ਨੇ ਰਿਕੀ ਪੋਂਟਿੰਗ ਦੀ ਬਰਾਬਰੀ ਕਰ ਲਈ ਹੈ। ਉਨ੍ਹਾਂ ਤੋਂ ਸਿਰਫ਼ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਹੀ ਅੱਗੇ ਹਨ।