ਚੰਡੀਗੜ੍ਹ, 14 ਨਵੰਬਰ 2023 (Unmute Desk): 2023 ਵਿਸ਼ਵ ਕੱਪ ‘ਚ ਭਾਰਤੀ ਕ੍ਰਿਕਟ ਟੀਮ (Indian cricket team) ਦਾ ਹੁਣ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਇਹ ਪਹਿਲੀ ਵਾਰ ਹੈ ਕਿ ਟੀਮ ਇੰਡੀਆ ਨੇ ਵਿਸ਼ਵ ਕੱਪ ‘ਚ ਲਗਾਤਾਰ 9 ਮੈਚ ਜਿੱਤੇ। ਇਸ ਤੋਂ ਪਹਿਲਾਂ 2003 ‘ਚ ਭਾਰਤ ਨੇ ਲਗਾਤਾਰ 8 ਮੈਚ ਜਿੱਤੇ ਸੀ, ਫਿਰ ਟੀਮ ਨੂੰ ਗਰੁੱਪ ਪੜਾਅ ਅਤੇ ਫਾਈਨਲ ‘ਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੇ 1983 ਤੇ 2011 ‘ਚ ਵਿਸ਼ਵ ਕੱਪ ਜਿੱਤਿਆ ਹੈ ਤੇ ਦੋਵੇਂ ਵਾਰ ਭਾਰਤ ਸਿਰਫ਼ 6 ਤੇ 7 ਮੈਚ ਜਿੱਤ ਸਕਿਆ ਹੈ। ਹੁਣ ਇਸ ਵਾਰ ਭਾਰਤ ਨੇ ਲਗਾਤਾਰ ਆਪਣਾ 9ਵਾਂ ਮੈਚ ਜਿੱਤਿਆ ਤੇ ਸੇਮੀਫ਼ਾਈਨਲ ‘ਚ ਐਂਟਰੀ ਕਰ ਲਈ ਹੈ ।
ਦੀਵਾਲੀ ਵਾਲੇ ਦਿਨ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ ਤੇ ਲੀਗ ਪੜਾਅ ਪੂਰਾ ਕੀਤਾ। ਇਸ ਵਿਸ਼ਵ ਕੱਪ ‘ਚ ਭਾਰਤ ਨੇ ਕਈ ਰਿਕਾਰਡ ਬਣਾਏ ਤੇ 9 ਮੈਚਾਂ ‘ਚ 6 ਵੱਖ-ਵੱਖ ਖਿਡਾਰੀ ਪਲੇਅਰ ਆਫ ਦਿ ਮੈਚ ਰਹੇ। ਹੁਣ 15 ਨਵੰਬਰ ਯਾਨੀ ਭਲਕੇ ਸੈਮੀਫਾਈਨਲ ‘ਚ ਭਾਰਤ ਤੇ ਨਿਊਜ਼ੀਲੈਂਡ ਆਪਸ ‘ਚ ਭਿੜਨਗੇ। ਇਹ ਮੈਚ ਦੁਪਹਿਰ 2 ਵਜੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਹੋਵਗਾ। ਇਸ ਤੋਂ ਪਹਿਲਾਂ ਵੀ ਇਹ ਦੋਵੇਂ ਟੀਮਾਂ 2019 ਦੇ ਸੈਮੀਫਾਈਨਲ ‘ਚ ਆਹਮੋ ਸਾਹਮਣੇ ਹੋਈਆਂ ਸਨ, ਉਸ ਸਮੇਂ ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਫਾਈਨਲ ‘ਚੋਂ ਬਾਹਰ ਕਰ ਦਿੱਤਾ ਸੀ। ਇਸ ਵਾਰ ਕੌਣ ਬਾਜ਼ੀ ਮਾਰੇਗਾ ਇਹ ਤਾਂ ਕੱਲ੍ਹ ਦੇ ਮੈਚ ‘ਚ ਪਤਾ ਲੱਗੇਗਾ।
ਪਰ ਹੁਣ ਨਜ਼ਰ ਮਾਰਦੇ ਆ 2023 ਵਿਸ਼ਵ ਕੱਪ ‘ਚ ਭਾਰਤ ਦੇ ਸੈਮੀਫਾਈਨਲ ਤੱਕ ਦੇ ਸਫ਼ਰ ‘ਤੇ
ਪਹਿਲਾ ਮੈਚ: ਭਾਰਤ (Indian cricket team) ਨੇ ਵਿਸ਼ਵ ਕੱਪ ‘ਚ ਆਪਣੀ ਸ਼ੁਰੂਆਤ 8 ਅਕਤੂਬਰ ਨੂੰ ਆਸਟ੍ਰੇਲੀਆ ਦੇ ਖਿਲਾਫ ਜਿੱਤ ਪ੍ਰਾਪਤ ਕਰ ਕੇ ਕੀਤੀ। ਇਹ ਮੈਚ ਚੇਪੌਕ ਸਟੇਡੀਅਮ, ਚੇਨਈ ‘ਚ ਹੋਇਆ। ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਭਾਰਤ ਨੇ ਆਸਟ੍ਰੇਲੀਆ ਨੂੰ 199 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਸੀ। ਗੇਂਦਬਾਜ਼ਾਂ ‘ਚ ਰਵਿੰਦਰ ਜਡੇਜਾ ਨੇ 3, ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਲਈਆਂ। ਪਰ ਜਦੋਂ ਬੱਲੇਬਾਜ਼ੀ ਦੀ ਵਾਰੀ ਆਈ ਤਾਂ ਭਾਰਤ ਨੇ 2 ਦੌੜਾਂ ‘ਤੇ 3 ਵਿਕਟਾਂ ਗੁਆ ਦਿੱਤੀਆਂ ਸਨ। ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ ਅਤੇ ਸ਼੍ਰੇਅਸ ਅਈਅਰ ਦਾ ਖਾਤਾ ਵੀ ਨਹੀਂ ਸੀ ਖੁੱਲਿਆ। ਫਿਰ ਵਿਰਾਟ ਕੋਹਲੀ ਤੇ ਕੇਐਲ ਰਾਹੁਲ ਨੇ ਕਮਾਨ ਸੰਭਾਲਦਿਆਂ 165 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਜਿੱਤ ਦੇ ਨੇੜੇ ਲੈ ਗਏ। ਵਿਰਾਟ ਕੋਹਲੀ ਨੇ 85 ਅਤੇ ਰਾਹੁਲ ਨੇ 97 ਦੌੜਾਂ ਬਣਾ 42ਵੇਂ ਓਵਰ ‘ਚ 6 ਵਿਕਟਾਂ ਨਾਲ ਟੀਮ ਲਈ ਜਿੱਤ ਦਰਜ ਕੀਤੀ। ਇਸ ‘ਚ ਪਲੇਅਰ ਆਫ ਦੀ ਮੈਚ ਕੇ.ਐੱਲ ਰਾਹੁਲ ਰਹੇ।
ਦੂਜਾ ਮੈਚ : ਭਾਰਤ ਦਾ ਦੂਜਾ ਮੈਚ 11 ਅਕਤੂਬਰ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਅਫਗਾਨਿਸਤਾਨ ਨਾਲ ਹੋਇਆ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ 8 ਵਿਕਟਾਂ ‘ਤੇ 272 ਦੌੜਾਂ ਬਣਾਈਆਂ। ਜਸਪ੍ਰੀਤ ਬੁਮਰਾਹ ਨੇ 4 ਤੇ ਹਾਰਦਿਕ ਪੰਡਯਾ ਨੇ 2 ਵਿਕਟਾਂ ਹਾਸਲ ਕੀਤੀਆਂ। ਟੀਚੇ ਦਾ ਸਾਹਮਣਾ ਕਰਦਿਆਂ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਇਸ਼ਾਨ ਕਿਸ਼ਨ ਨੇ ਸਿਰਫ਼ 11 ਓਵਰਾਂ ‘ਚ ਹੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਈਸ਼ਾਨ ਕਿਸ਼ਨ 47 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਰੋਹਿਤ ਨੇ 131 ਦੌੜਾਂ ਦੀ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਨੇੜੇ ਪਹੁੰਚਾਇਆ। ਫਿਰ ਵਿਰਾਟ ਕੋਹਲੀ ਨੇ 55 ਦੌੜਾਂ ਅਤੇ ਸ਼੍ਰੇਅਸ ਨੇ 25 ਦੌੜਾਂ ਬਣਾ ਕੇ ਟੀਮ ਨੂੰ 8 ਵਿਕਟਾਂ ਨਾਲ ਜਿਤਾਇਆ। ਇਸ ਵਿੱਚ ਪਲੇਅਰ ਆਫ ਦੀ ਮੈਚ ਰੋਹਿਤ ਸ਼ਰਮਾ ਰਹੇ।
ਤੀਜਾ ਮੈਚ: ਤੀਜਾ ਮੈਚ ਜਿਸ ਦਾ ਕ੍ਰਿਕਟ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ, ਭਾਰਤ ਤੇ ਪਾਕਿਸਤਾਨ ਵਿਚਾਲੇ ਸੀ। ਇਹ ਮੈਚ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 192 ਦੌੜਾਂ ਦਾ ਟੀਚਾ ਦਿੱਤਾ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਅਰਧ ਸੈਂਕੜਾ ਲਗਾਇਆ। ਮੁਹੰਮਦ ਸਿਰਾਜ ਹੱਥੋਂ ਬਾਬਰ ਆਜ਼ਮ ਦੇ ਆਊਟ ਹੋਣ ਮਗਰੋਂ ਪਾਕਿਸਤਾਨ ਬਹੁਤੀਆਂ ਦੌੜਾਂ ਨਾ ਬਣਾ ਸਕਿਆ ਤੇ ਬਾਕੀ ਵਿਕਟਾਂ ਵੀ ਗੁਆ ਬੈਠਾ। ਜਸਪ੍ਰੀਤ ਬੁਮਰਾਹ ਨੇ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਭਾਰਤ ਦੀ ਬੱਲੇਬਾਜ਼ੀ ਆਈ ਤਾਂ ਤੀਜੇ ਓਵਰ ਵਿੱਚ ਹੀ ਸ਼ੁਭਮਨ ਗਿੱਲ ਆਊਟ ਹੋ ਗਏ। ਫਿਰ ਕਪਤਾਨ ਰੋਹਿਤ ਸ਼ਰਮਾ ਨੇ ਵਿਰਾਟ ਕੋਹਲੀ ਨਾਲ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਵਿਰਾਟ ਕੋਹਲੀ ਸਿਰਫ 16 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਨੇ 86 ਦੌੜਾਂ ਬਣਾਈਆਂ। ਅੰਤ ਵਿੱਚ ਸ਼੍ਰੇਅਸ ਨੇ 53 ਅਤੇ ਰਾਹੁਲ ਨੇ 19 ਦੌੜਾਂ ਬਣਾ ਕੇ ਭਾਰਤ ਨੂੰ ਆਸਾਨ ਜਿੱਤ ਦਿਵਾਈ। ਇਸ ਵਿੱਚ ਪਲੇਅਰ ਆਫ ਦੀ ਮੈਚ ਜਸਪ੍ਰੀਤ ਬੁਮਰਾਹ ਰਹੇ।
ਚੌਥਾ ਮੈਚ: 19 ਅਕਤੂਬਰ ਨੂੰ ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਭਾਰਤ ਦਾ ਚੌਥੇ ਮੈਚ ‘ਚ ਸਾਹਮਣਾ ਬੰਗਲਾਦੇਸ਼ ਨਾਲ ਹੋਇਆ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਉਸ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾ ਕੇ ਚੰਗੀ ਸ਼ੁਰੂਆਤ ਕੀਤੀ। ਫਿਰ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਨੇ ਮਿਲ ਕੇ 3 ਵਿਕਟਾਂ ਲਈਆਂ। ਇਸੇ ਮੈਚ ‘ਚ ਹਾਰਦਿਕ ਪੰਡਯਾ ਵੀ ਗੇਂਦਬਾਜ਼ੀ ਕਰਦੇ ਹੋਏ ਜ਼ਖਮੀ ਹੋ ਗਏ ਸੀ ਤੇ ਫਿਰ ਟੂਰਨਾਮੈਂਟ ‘ਚ ਵਾਪਸੀ ਨਹੀਂ ਕਰ ਸਕੇ।
ਗੇਂਦਬਾਜ਼ਾਂ ਨੇ ਚੰਗੀ ਗੇਂਦਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ 256 ਦੌੜਾਂ ਹੀ ਬਣਾਉਣ ਦਿੱਤੀਆਂ। ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਅਤੇ ਸ਼ੁਭਮਨ ਨੇ 88 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਇੰਡੀਆ ਨੂੰ ਚੰਗੀ ਸ਼ੁਰੂਆਤ ਦਿਵਾਈ। ਰੋਹਿਤ 48 ਦੌੜਾਂ ਅਤੇ ਸ਼ੁਭਮਨ 53 ਦੌੜਾਂ ਬਣਾ ਕੇ ਆਊਟ ਹੋਏ।ਸ਼੍ਰੇਅਸ ਵੀ 19 ਦੌੜਾਂ ਹੀ ਬਣਾ ਸਕੇ। ਪਰ ਉਸ ਤੋਂ ਬਾਅਦ ਵਿਰਾਟ ਕੋਹਲੀ ਨੇ ਮੈਚ ਸੰਭਾਲਦੇ ਹੋਏ ਰਾਹੁਲ ਨਾਲ ਅੰਤ ਤੱਕ ਬੱਲੇਬਾਜ਼ੀ ਕੀਤੀ। ਕੋਹਲੀ ਨੇ 103 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਨੂੰ 7 ਵਿਕਟਾਂ ਨਾਲ ਜਿੱਤ ਦਿਵਾਈ। ਕੋਹਲੀ ਦਾ ਇਹ ਵਿਸ਼ਵ ਕੱਪ ਸੈਂਕੜਾ 8 ਸਾਲ ਬਾਅਦ ਆਇਆ। ਇਸ ਵਿੱਚ ਪਲੇਅਰ ਆਫ ਦੀ ਮੈਚ ਵਿਰਾਟ ਕੋਹਲੀ ਰਹੇ।
ਪੰਜਵਾਂ ਮੈਚ: 22 ਅਕਤੂਬਰ ਨੂੰ ਧਰਮਸ਼ਾਲਾ ਦੇ ਐਚਪੀਸੀਏ ਸਟੇਡੀਅਮ ਵਿੱਚ ਪੰਜਵਾਂ ਮੈਚ ਹੋਇਆ, ਜੋ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਇਆ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 273 ਦੌੜਾਂ ਬਣਾਈਆਂ। ਡੇਰਿਲ ਮਿਸ਼ੇਲ ਨੇ 130 ਦੌੜਾਂ ਬਣਾਈਆਂ, ਰਚਿਨ ਰਵਿੰਦਰਾ ਨੇ ਵੀ 75 ਦੌੜਾਂ ਬਣਾਈਆਂ। ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੂਰਨਾਮੈਂਟ ਦਾ ਪਹਿਲਾ ਮੈਚ ਖੇਡਦੇ ਹੋਏ ਦੋਵਾਂ ਨੂੰ ਆਊਟ ਕੀਤਾ ਅਤੇ ਕੁੱਲ 5 ਵਿਕਟਾਂ ਲਈਆਂ।
ਭਾਰਤ ਦੇ ਸਲਾਮੀ ਬੱਲੇਬਾਜ਼ਾਂ ਨੇ ਇਕ ਵਾਰ ਫਿਰ ਚੰਗੀ ਸ਼ੁਰੂਆਤ ਕਰਦਿਆਂ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ 46 ਦੌੜਾਂ ਅਤੇ ਸ਼ੁਭਮਨ 26 ਦੌੜਾਂ ਬਣਾ ਕੇ ਆਊਟ ਹੋਏ। ਇਸ ਮੈਚ ‘ਚ ਕੋਹਲੀ ਨੇ ਕਮਾਨ ਸਾਂਭੀ, ਉਨ੍ਹਾਂ ਦੇ ਹੁੰਦਿਆਂ ਸ਼੍ਰੇਅਸ 33 ਦੌੜਾਂ, ਰਾਹੁਲ 27 ਅਤੇ ਸੂਰਿਆਕੁਮਾਰ ਯਾਦਵ 2 ਦੌੜਾਂ ਬਣਾ ਕੇ ਆਊਟ ਹੋਏ। ਵਿਰਾਟ ਕੋਹਲੀ ਡਟੇ ਰਹੇ ਅਤੇ 95 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਟੀਮ ਨੂੰ ਜਿੱਤ ਦੇ ਨੇੜੇ ਲੈ ਗਏ ਤੇ ਭਾਰਤ ਨੇ 48ਵੇਂ ਓਵਰ ‘ਚ ਮੈਚ ਜਿੱਤ ਲਿਆ। ਇਸ ਵਿੱਚ ਪਲੇਅਰ ਆਫ ਦੀ ਮੈਚ ਮੁਹੰਮਦ ਸ਼ਮੀ ਰਹੇ।
ਛੇਵਾਂ ਮੈਚ: 29 ਅਕਤੂਬਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਭਾਰਤ (Indian cricket team) ਦਾ ਛੇਵਾਂ ਮੈਚ ਹੋਇਆ ਜਿਸ ‘ਚ ਇੰਗਲੈਂਡ ਨਾਲ ਸਾਹਮਣੇ ਹੋਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਟੀਮ ਇੰਡੀਆ ਨੇ 9 ਵਿਕਟਾਂ ‘ਤੇ 229 ਦੌੜਾਂ ਬਣਾਈਆਂ। ਇਸ ‘ਚ ਕਪਤਾਨ ਰੋਹਿਤ ਸ਼ਰਮਾ ਨੇ 87 ਦੌੜਾਂ ਦੀ ਅਹਿਮ ਪਾਰੀ ਖੇਡੀ। ਸੂਰਿਆਕੁਮਾਰ ਨੇ 49 ਅਤੇ ਰਾਹੁਲ ਨੇ 39 ਦੌੜਾਂ ਬਣਾਈਆਂ।
ਗੇਂਦਬਾਜ਼ੀ ਕਰਨ ਉਤਰੀ ਟੀਮ ਇੰਡੀਆ ਨੂੰ ਗੇਂਦਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। 10 ਓਵਰਾਂ ਦੇ ਅੰਦਰ ਹੀ ਇੰਗਲੈਂਡ ਦੇ 4 ਬੱਲੇਬਾਜ਼ ਆਊਟ ਹੋ ਗਏ ਅਤੇ ਟੀਮ ਸਿਰਫ਼ 39 ਦੌੜਾਂ ਹੀ ਬਣਾ ਸਕੀ। ਸ਼ਮੀ ਨੇ 4, ਬੁਮਰਾਹ ਨੇ 3, ਕੁਲਦੀਪ ਨੇ 2 ਅਤੇ ਜਡੇਜਾ ਨੇ 1 ਵਿਕਟ ਲਈ। ਗੇਂਦਬਾਜ਼ਾਂ ਦੇ ਦਮ ‘ਤੇ ਭਾਰਤ ਨੇ ਇਹ ਮੈਚ 100 ਦੌੜਾਂ ਨਾਲ ਜਿੱਤ ਲਿਆ। ਇਸ ਵਿੱਚ ਪਲੇਅਰ ਆਫ ਦੀ ਮੈਚ ਰੋਹਿਤ ਸ਼ਰਮਾ ਰਹੇ।
ਸੱਤਵਾਂ ਮੈਚ: 2 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਭਾਰਤ ਦਾ 7ਵਾਂ ਮੈਚ ਸ਼੍ਰੀਲੰਕਾ ਨਾਲ ਹੋਇਆ। ਭਾਰਤ ਫਿਰ ਪਹਿਲਾਂ ਬੱਲੇਬਾਜ਼ੀ ਕਰਨ ਉਤਰਿਆ, ਕਪਤਾਨ ਰੋਹਿਤ ਸਿਰਫ਼ 4 ਦੌੜਾਂ ਬਣਾ ਸਕੇ। ਪਰ ਸ਼ੁਭਮਨ ਨੇ 92, ਕੋਹਲੀ ਨੇ 88 ਤੇ ਅੰਤ ‘ਚ ਸ਼੍ਰੇਅਸ ਨੇ 82 ਦੌੜਾਂ ਬਣਾ ਕੇ ਕੁੱਲ 357 ਦੌੜਾਂ ਬਣਾਈਆਂ।
ਇਸ ਮੈਚ ‘ਚ ਵੀ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਕਮਾਲ ਕਰ ਦਿੱਤਾ ਤੇ 14 ਦੌੜਾਂ ਦੇ ਅੰਦਰ 6 ਸ਼੍ਰੀਲੰਕਾਈ ਬੱਲੇਬਾਜ਼ਾਂ ਦੀਆਂ ਵਿਕਟਾਂ ਝਟਕਾਈਆਂ। ਬੁਮਰਾਹ ਨੇ ਪਾਰੀ ਦੀ ਪਹਿਲੀ ਹੀ ਗੇਂਦ ‘ਤੇ ਪਥੁਮ ਨਿਸਾਂਕਾ ਨੂੰ ਆਊਟ ਕੀਤਾ। ਇਸ ‘ਚ ਮੁਹੰਮਦ ਸਿਰਾਜ ਨੇ 3 ਅਤੇ ਮੁਹੰਮਦ ਸ਼ਮੀ ਨੇ 5 ਵਿਕਟਾਂ ਲਈਆਂ। ਇਹ ਮੈਚ ਭਾਰਤ 302 ਦੌੜਾਂ ਦੇ ਫਰਕ ਨਾਲ ਜਿੱਤ ਗਿਆ। ਇਸ ਵਿੱਚ ਪਲੇਅਰ ਆਫ ਦੀ ਮੈਚ ਮੁਹੰਮਦ ਸ਼ਮੀ ਰਹੇ।
ਅੱਠਵਾਂ ਮੈਚ: 5 ਨਵੰਬਰ ਨੂੰ, ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਭਾਰਤ (Indian cricket team) ਨੇ ਦੱਖਣੀ ਅਫਰੀਕਾ ਨਾਲ ਆਪਣਾ 8ਵਾਂ ਮੈਚ ਜਿੱਤਿਆ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਤੇਜ਼ ਸ਼ੁਰੂਆਤ ਕੀਤੀ। ਰੋਹਿਤ ਨੇ 40 ਅਤੇ ਸ਼ੁਭਮਨ ਨੇ 23 ਦੌੜਾਂ ਬਣਾਈਆਂ। ਕੋਹਲੀ ਅਤੇ ਸ਼੍ਰੇਅਸ ਦੋਵਾਂ ਨੇ 134 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਰਾਟ ਕੋਹਲੀ ਦਾ ਉਸ ਦਿਨ 35ਵਾਂ ਜਨਮ ਦਿਨ ਸੀ ਤੇ ਜਨਮ ਦਿਨ ਮੌਕੇ ਉਨ੍ਹਾਂ ਨੇ ਆਪਣਾ 49ਵਾਂ ਵਨਡੇ ਸੈਂਕੜਾ ਲਗਾ ਕੇ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੀ ਬਰਾਬਰੀ ਕਰ ਲਈ। ਅਜੇਤੂ ਪਾਰੀ ਖੇਡਦਿਆਂ ਉਨ੍ਹਾਂ ਟੀਮ ਦੇ ਸਕੋਰ ਨੂੰ 326 ਦੌੜਾਂ ਤੱਕ ਪਹੁੰਚਾਇਆ।
ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਇਕ ਵਾਰ ਫਿਰ ਸ਼ਾਨਦਾਰ ਸ਼ੁਰੂਆਤ ਕੀਤੀ। 10 ਓਵਰਾਂ ਦੇ ਅੰਦਰ 3 ਅਫਰੀਕੀ ਬੱਲੇਬਾਜ਼ ਆਊਟ ਕਰ ਦਿੱਤੇ। ਦੱਖਣੀ ਅਫਰੀਕਾ ਦੀ ਟੀਮ ਸਿਰਫ 83 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ ਇਹ ਮੈਚ 243 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ।। ਰਵਿੰਦਰ ਜਡੇਜਾ ਨੇ 5 ਵਿਕਟਾਂ, ਕੁਲਦੀਪ ਯਾਦਵ ਨੇ 2 ਵਿਕਟਾਂ, ਸ਼ਮੀ ਦੇ ਹਿੱਸੇ 2 ਅਤੇ ਸਿਰਾਜ ਦੇ ਹਿੱਸੇ ਇਕ ਸਫਲਤਾ ਆਈ। ਇਸ ਵਿੱਚ ਪਲੇਅਰ ਆਫ ਦੀ ਮੈਚ ਵਿਰਾਟ ਕੋਹਲੀ ਰਹੇ।
ਨੌਵਾਂ ਮੈਚ: 12 ਨਵੰਬਰ ਨੂੰ ਮੇਜ਼ਬਾਨ ਭਾਰਤ (Indian cricket team) ਨੇ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਨੀਦਰਲੈਂਡ ਨਾਲ ਆਪਣਾ ਨੌਵਾਂ ਮੈਚ ਖੇਡਿਆ। ਕਪਤਾਨ ਰੋਹਿਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰੋਹਿਤ ਨੇ 61 ਦੌੜਾਂ, ਸ਼ੁਭਮਨ ਨੇ 51 ਦੌੜਾਂ ਤੇ ਕੋਹਲੀ ਨੇ ਵੀ 51 ਦੌੜਾਂ ਬਣਾਈਆਂ। ਫਿਰ ਆਏ ਸ਼੍ਰੇਅਸ ਅਈਅਰ ਤੇ ਉਨ੍ਹਾਂ ਨੇ 128 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਰਾਹੁਲ ਨਾਲ 208 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤਰ੍ਹਾਂ ਭਾਰਤ ਨੇ 4 ਵਿਕਟਾਂ ‘ਤੇ 410 ਦੌੜਾਂ ਬਣਾਈਆਂ। ਇਹ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਸੀ ਕਿ ਕਿਸੇ ਟੀਮ ਦੇ ਟਾਪ-5 ਖਿਡਾਰੀਆਂ ਨੇ 50 ਤੋਂ ਵੱਧ ਦੌੜਾਂ ਬਣਾਈਆਂ ਹੋਣ।
ਉਧਰ ਬੱਲੇਬਾਜ਼ੀ ਕਰਦਿਆਂ ਨੀਦਰਲੈਂਡ ਟੀਮ ਦੇ 4 ਖਿਡਾਰੀਆਂ ਨੇ 30 ਤੋਂ ਵੱਧ ਦੌੜਾਂ ਬਣਾਈਆਂ। ਪਰ ਟੀਮ 250 ਦੌੜਾਂ ਬਣਾ ਕੇ ਹੀ ਆਲ ਆਊਟ ਹੋ ਗਈ ਅਤੇ 160 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਵੱਲੋਂ ਬੁਮਰਾਹ, ਸਿਰਾਜ, ਕੁਲਦੀਪ ਅਤੇ ਜਡੇਜਾ ਨੇ 2-2 ਵਿਕਟਾਂ ਹਾਸਲ ਕੀਤੀਆਂ। ਉਥੇ ਹੀ ਇਸ ਮੈਚ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਵੀ ਇਕ-ਇਕ ਵਿਕਟ ਲਈ। ਇਨ੍ਹਾਂ ਹੀ ਨਹੀਂ ਇਸ ਮੈਚ ਵਿੱਚ ਸੂਰਿਆਕੁਮਾਰ ਅਤੇ ਸ਼ੁਭਮਨ ਨੇ ਵੀ ਗੇਂਦਬਾਜ਼ੀ ਕੀਤੀ। ਇਸ ਵਿੱਚ ਪਲੇਅਰ ਆਫ ਦੀ ਮੈਚ ਸ਼੍ਰੇਅਸ ਅਈਅਰ ਰਹੇ।
ਵਿਰਾਟ ਕੋਹਲੀ ਨੇ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ। ਉਨ੍ਹਾਂ ਨੇ 9 ਮੈਚਾਂ ਵਿੱਚ 5 ਅਰਧ ਸੈਂਕੜੇ ਅਤੇ 2 ਸੈਂਕੜਿਆਂ ਨਾਲ 594 ਦੌੜਾਂ ਬਣਾਈਆਂ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀ 500 ਤੋਂ ਵੱਧ ਦੌੜਾਂ ਬਣਾਈਆਂ।
ਉਧਰ ਭਾਰਤੀ ਗੇਂਦਬਾਜ਼ਾਂ ‘ਚੋਂ ਜਸਪ੍ਰੀਤ ਬੁਮਰਾਹ ਨੇ 9 ਮੈਚਾਂ ਵਿੱਚ ਟੀਮ ਲਈ ਸਭ ਤੋਂ ਵੱਧ 17 ਵਿਕਟਾਂ ਲਈਆਂ ਹਨ। ਉਨ੍ਹਾਂ ਤੋਂ ਬਾਅਦ ਸਪਿਨਰ ਰਵਿੰਦਰ ਜਡੇਜਾ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 16-16 ਵਿਕਟਾਂ ਲਈਆਂ। ਕੁਲਦੀਪ ਯਾਦਵ ਨੇ ਵੀ 14 ਵਿਕਟਾਂ ਅਤੇ ਮੁਹੰਮਦ ਸਿਰਾਜ ਨੇ 12 ਵਿਕਟਾਂ ਲਈਆਂ। ਹੁਣ ਤੱਕ ਭਾਰਤ ਦਾ ਸਫ਼ਰ ਕਮਾਲ ਦਾ ਰਿਹਾ ਹੈ। ਇਨ੍ਹਾਂ ਜਿੱਤਾਂ ਦਾ ਤਾਜ ਕਿਸੇ ਇੱਕ ਖਿਡਾਰੀ ਦੇ ਸਿਰ ਨਹੀਂ ਜਾਂਦਾ ਬਲਕਿ ਪੂਰੀ ਟੀਮ ਦਾ ਵੱਧ ਤੋਂ ਵੱਧ ਯੋਗਦਾਨ ਹੈ। ਸਭ ਹੀ ਆਪਣੀ ਬੈਸਟ ਪਰਫਾਰਮੈਂਸ ‘ਚ ਨਜ਼ਰ ਆਏ। ਉਮੀਦ ਕਰਦੇ ਆ ਕਿ ਕੱਲ੍ਹ ਸੇਮੀਫ਼ਾਈਨਲ ਮੈਚ ‘ਚ ਵੀ ਭਾਰਤ ਦਾ ਨਿਊਜ਼ੀਲੈਂਡ ਖਿਲਾਫ਼ ਵਧੀਆ ਪ੍ਰਦਰਸ਼ਨ ਹੀ ਦੇਖਣ ਨੂੰ ਮਿਲੇਗਾ।