ਚੰਡੀਗੜ, 19 ਅਕਤੂਬਰ 2024: (IND vs NZ 1st Test Live) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਚੌਥੇ ਦਿਨ ਸਰਫਰਾਜ਼ ਖਾਨ ਦੀਆਂ 150 ਦੌੜਾਂ ਅਤੇ ਰਿਸ਼ਭ ਪੰਤ (Rishabh Pant) ਦੀਆਂ 99 ਦੌੜਾਂ ਦੀ ਬਦੌਲਤ ਭਾਰਤ ਨੇ ਦੂਜੇ ਸੈਸ਼ਨ ਦੀ ਸਮਾਪਤੀ ਤੱਕ 6 ਵਿਕਟਾਂ ‘ਤੇ 438 ਦੌੜਾਂ ਬਣਾ ਲਈਆਂ ਸਨ। ਚਾਹ ਦੇ ਸਮੇਂ ਤੱਕ ਭਾਰਤ ਕੋਲ 82 ਦੌੜਾਂ ਦੀ ਬੜ੍ਹਤ ਸੀ।
ਸ਼ਾਨਦਾਰ ਫਾਰਮ ‘ਚ ਨਜ਼ਰ ਆ ਰਹੇ ਰਿਸ਼ਭ ਪੰਤ 99 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਰੁੜਕੇ ਨੇ ਉਨ੍ਹਾਂ ਨੂੰ ਬੋਲਡ ਆਊਟ ਕੀਤਾ। ਜੇਕਰ ਉਹ ਇਸ ਮੈਚ ‘ਚ ਸੈਂਕੜਾ ਲਗਾਉਣ ‘ਚ ਕਾਮਯਾਬ ਹੋ ਜਾਂਦੇ ਤਾਂ ਇਹ ਟੈਸਟ ‘ਚ ਉਨ੍ਹਾਂ ਦਾ ਸੱਤਵਾਂ ਸੈਂਕੜਾ ਹੁੰਦਾ। ਜਿਕਰਯੋਗ ਹੈ ਕਿ ਰਿਸ਼ਭ ਪੰਤ ਬੀਤੇ ਦਿਨ ਦੀ ਜ਼ਖਮੀ ਹੋ ਗਏ ਸਨ | ਇਸਦੇ ਬਾਵਜੂਦ ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ |
ਭਾਰਤੀ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ (Rishabh Pant) ਨੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਨਿਊਜ਼ੀਲੈਂਡ ਦੇ ਖਿਲਾਫ ਮੀਂਹ ਨਾਲ ਪ੍ਰਭਾਵਿਤ ਪਹਿਲੇ ਟੈਸਟ ਦੇ ਚੌਥੇ ਦਿਨ ਸ਼ਨੀਵਾਰ ਨੂੰ ਰਿਕਾਰਡ ਬੁੱਕ ‘ਚ ਆਪਣਾ ਨਾਂ ਦਰਜ ਕਰ ਲਿਆ ਅਤੇ ਸਭ ਤੋਂ ਤੇਜ਼ 2500 ਟੈਸਟ ਦੌੜਾਂ ਬਣਾਉਣ ਵਾਲੇ ਭਾਰਤੀ ਵਿਕਟਕੀਪਰ ਬਣ ਗਏ। ਪੰਤ 105 ਗੇਂਦਾਂ ‘ਚ 9 ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 99 ਦੌੜਾਂ ਬਣਾ ਕੇ ਆਊਟ ਹੋ ਗਏ। ਉਹ ਇਕ ਦੌੜ ਨਾਲ ਸੈਂਕੜਾ ਬਣਾਉਣ ਤੋਂ ਖੁੰਝ ਗਿਆ।
ਰਿਸ਼ਭ ਪੰਤ ਨੇ ਇਹ ਉਪਲਬੱਧੀ ਸਿਰਫ 62 ਪਾਰੀਆਂ ‘ਚ ਹਾਸਲ ਕੀਤੀ, ਜਿਸ ਨੇ ਸਾਬਕਾ ਕਪਤਾਨ ਐੱਮ.ਐੱਸ. ਧੋਨੀ ਦੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ 69 ਪਾਰੀਆਂ ‘ਚ ਇਹ ਉਪਲਬੱਧੀ ਹਾਸਲ ਕੀਤੀ ਸੀ। ਭਾਰਤੀ ਕ੍ਰਿਕਟ ਦੇ ਇੱਕ ਹੋਰ ਮਹਾਨ ਖਿਡਾਰੀ ਫਾਰੂਕ ਇੰਜੀਨੀਅਰ ਨੇ ਇਸ ਤੋਂ ਪਹਿਲਾਂ 82 ਪਾਰੀਆਂ ‘ਚ ਇਹ ਰਿਕਾਰਡ ਬਣਾਇਆ ਸੀ।