ਚੰਡੀਗੜ੍ਹ, 17 ਅਕਤੂਬਰ 2024:(IND vs NZ 1st Test Live) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ ‘ਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਭਾਰਤ ਨੇ ਬੇਹੱਦ ਖ਼ਰਾਬ ਪਪ੍ਰਦਰਸ਼ਨ ਕੀਤਾ ਹੈ | ਬੈਂਗਲੁਰੂ ਟੈਸਟ ‘ਚ ਭਾਰਤ ਦੀ ਪਹਿਲੀ ਪਾਰੀ 46 ਦੌੜਾਂ ‘ਤੇ ਸਿਮਟ ਗਈ ਹੈ |
ਜਿਕਰਯੋਗ ਹੈ ਕਿ ਟੈਸਟ (IND vs NZ) ਦਾ ਪਹਿਲਾ ਦਿਨ ਮੀਂਹ ਨਾਲ ਪੂਰੀ ਤਰ੍ਹਾਂ ਧੋਤਾ ਗਿਆ ਸੀ । ਵੀਰਵਾਰ ਨੂੰ 98 ਓਵਰਾਂ ਦਾ ਮੈਚ ਹੋਣਾ ਹੈ। ਵੀਰਵਾਰ ਨੂੰ ਟਾਸ ਹੋਇਆ ਅਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਲਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਲਈ ਇਹ ਸੀਰੀਜ਼ ਬਹੁਤ ਮਹੱਤਵਪੂਰਨ ਹੈ।
ਟਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕਪਤਾਨ ਰੋਹਿਤ ਸ਼ਰਮਾ ਦਾ ਫੈਸਲਾ ਗਲਤ ਸਾਬਤ ਹੋਇਆ। ਬੱਦਲਵਾਈ ਵਾਲੀ ਸਥਿਤੀ ‘ਚ ਭਾਰਤੀ ਟੀਮ ਦੇ ਬੱਲੇਬਾਜ਼ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਏ। ਭਾਰਤ ਦੇ ਪੰਜ ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ। ਜਿਨ੍ਹਾਂ ‘ਚ ਵਿਰਾਟ ਕੋਹਲੀ, ਸਰਫਰਾਜ਼ ਖਾਨ, ਕੇਐਲ ਰਾਹੁਲ, ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਸ਼ਾਮਲ ਹਨ। ਰਿਸ਼ਭ ਪੰਤ ਨੇ ਸਭ ਤੋਂ ਵੱਧ 20 ਦੌੜਾਂ ਬਣਾਈਆਂ। ਉਥੇ ਹੀ ਯਸ਼ਸਵੀ ਜੈਸਵਾਲ ਨੇ 13 ਦੌੜਾਂ ਦੀ ਪਾਰੀ ਖੇਡੀ। ਰੋਹਿਤ ਸ਼ਰਮਾ ਦੋ ਦੌੜਾਂ ਬਣਾ ਕੇ ਆਊਟ ਹੋਏ ਅਤੇ ਜਸਪ੍ਰੀਤ ਬੁਮਰਾਹ ਇਕ ਦੌੜ ਬਣਾ ਕੇ ਆਊਟ ਹੋਏ।
ਜਿਕਰਯੋਗ ਹੈ ਕਿ 46 ਦੌੜਾਂ ਭਾਰਤ ਵੱਲੋਂ ਟੈਸਟ ‘ਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਭਾਰਤ ਨੇ ਦੋ ਸਾਲ ਪਹਿਲਾਂ ਨਿਊਜ਼ੀਲੈਂਡ ਵੱਲੋਂ ਬਣਾਏ ਖ਼ਰਾਬ ਰਿਕਾਰਡ ਨੂੰ ਤੋੜ ਦਿੱਤਾ ਹੈ। 2021 ‘ਚ ਕੀਵੀ ਟੀਮ ਵਾਨਖੇੜੇ ‘ਤੇ 62 ਦੌੜਾਂ ‘ਤੇ ਆਊਟ ਹੋ ਗਈ ਸੀ। ਇਹ ਭਾਰਤ ਦਾ ਘਰੇਲੂ ਮੈਦਾਨ ‘ਤੇ ਸਭ ਤੋਂ ਖਰਾਬ ਪ੍ਰਦਰਸ਼ਨ ਹੈ।
37 ਸਾਲ ਪਹਿਲਾਂ ਭਾਵ 1987 ‘ਚ ਭਾਰਤ ਨੇ ਵੈਸਟਇੰਡੀਜ਼ ਖਿਲਾਫ ਦਿੱਲੀ ‘ਚ 75 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਨਿਊਜ਼ੀਲੈਂਡ ਖਿਲਾਫ ਵੀ ਇਹ ਭਾਰਤ ਦਾ ਸਭ ਤੋਂ ਖਰਾਬ ਸਕੋਰ ਹੈ। ਇਸ ਤੋਂ ਪਹਿਲਾਂ 1976 ‘ਚ ਭਾਰਤੀ ਟੀਮ ਨੇ ਵੈਲਿੰਗਟਨ ‘ਚ ਕੀਵੀਆਂ ਖਿਲਾਫ 81 ਦੌੜਾਂ ਬਣਾਈਆਂ ਸਨ। ਇਹ ਟੈਸਟ ‘ਚ ਭਾਰਤ ਦਾ ਤੀਜਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ 2020 ‘ਚ ਐਡੀਲੇਡ ‘ਚ ਆਸਟ੍ਰੇਲੀਆ ਖਿਲਾਫ ਭਾਰਤੀ ਟੀਮ 36 ਦੌੜਾਂ ‘ਤੇ ਸਿਮਟ ਗਈ ਸੀ।