ਚੰਡੀਗੜ੍ਹ 01 ਫਰਵਰੀ 2023: ਹਾਰਦਿਕ ਪੰਡਯਾ ਦੀ ਕਪਤਾਨੀ ‘ਚ ਭਾਰਤ ਨੇ ਲਗਾਤਾਰ ਚੌਥੀ ਟੀ-20 ਸੀਰੀਜ਼ ਜਿੱਤੀ ਹੈ। ਭਾਰਤ ਨੇ ਤਿੰਨ ਟੀ-20 ਸੀਰੀਜ਼ ਦੇ ਤੀਜੇ ਮੈਚ ‘ਚ ਨਿਊਜ਼ੀਲੈਂਡ ਨੂੰ 168 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਦਿੱਤਾ । ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 234 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 63 ਗੇਂਦਾਂ ‘ਤੇ ਅਜੇਤੂ 126 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 12.1 ਓਵਰਾਂ ‘ਚ 66 ਦੌੜਾਂ ‘ਤੇ ਸਿਮਟ ਗਈ।
ਇਹ ਟੀ-20 ਇਤਿਹਾਸ ਵਿੱਚ ਭਾਰਤੀ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ 2018 ‘ਚ ਭਾਰਤ ਨੇ ਆਇਰਲੈਂਡ ਨੂੰ 148 ਦੌੜਾਂ ਨਾਲ ਹਰਾਇਆ ਸੀ। ਦੂਜੇ ਪਾਸੇ ਟੀ-20 ਇਤਿਹਾਸ ਵਿੱਚ ਨਿਊਜ਼ੀਲੈਂਡ ਦੀ ਇਹ ਸਭ ਤੋਂ ਵੱਡੀ ਹਾਰ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਉਸ ਨੂੰ 2010 ‘ਚ 103 ਦੌੜਾਂ ਨਾਲ ਹਰਾਇਆ ਸੀ। ਪਿਛਲੇ ਸਾਲ ਹਾਰਦਿਕ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ ਆਇਰਲੈਂਡ ਅਤੇ ਨਿਊਜ਼ੀਲੈਂਡ ਨੂੰ ਹਰਾਇਆ ਸੀ। ਇਸ ਦੇ ਨਾਲ ਹੀ ਇਸ ਸਾਲ ਸ਼੍ਰੀਲੰਕਾ ਤੋਂ ਬਾਅਦ ਹੁਣ ਨਿਊਜ਼ੀਲੈਂਡ ਖਿਲਾਫ ਸੀਰੀਜ਼ ਜਿੱਤੀ ਹੈ।
ਭਾਰਤ ਲਈ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 63 ਗੇਂਦਾਂ ‘ਤੇ ਅਜੇਤੂ 126 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਸਿਰਫ਼ ਦੋ ਬੱਲੇਬਾਜ਼ ਹੀ ਦੋਹਰੇ ਅੰਕੜੇ ਨੂੰ ਛੂਹ ਸਕੇ। ਡੇਰੇਲ ਮਿਸ਼ੇਲ ਨੇ 35 ਅਤੇ ਕਪਤਾਨ ਮਿਸ਼ੇਲ ਸੈਂਟਨਰ ਨੇ 13 ਦੌੜਾਂ ਬਣਾਈਆਂ। ਭਾਰਤ ਲਈ ਕਪਤਾਨ ਹਾਰਦਿਕ ਪੰਡਯਾ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਅਰਸ਼ਦੀਪ ਸਿੰਘ, ਉਮਰਾਨ ਮਲਿਕ ਅਤੇ ਸ਼ਿਵਮ ਮਾਵੀ ਨੇ ਦੋ-ਦੋ ਵਿਕਟਾਂ ਲਈਆਂ।