ਚੰਡੀਗੜ੍ਹ, 04 ਸਤੰਬਰ 2023: ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਏਸ਼ੀਆ ਕੱਪ ‘ਚ ਨੇਪਾਲ ਖ਼ਿਲਾਫ਼ ਗਰੁੱਪ-ਏ ਦਾ ਆਖਰੀ ਮੈਚ ਨਹੀਂ ਖੇਡਣਗੇ।ਮਿਲੀ ਜਾਣਕਾਰੀ ਮੁਤਾਬਕ ‘ਬੁਮਰਾਹ ਪਰਿਵਾਰਕ ਕਾਰਨਾਂ ਕਰਕੇ ਸ਼੍ਰੀਲੰਕਾ ਤੋਂ ਮੁੰਬਈ ਲਈ ਰਵਾਨਾ ਹੋਏ ਹਨ। ਦਰਅਸਲ ਉਨ੍ਹਾਂ ਦੀ ਘਰਵਾਲੀ ਸੰਜਨਾ ਗਣੇਸ਼ਨ ਨੇ ਪੁੱਤ ਨੂੰ ਜਨਮ ਦਿੱਤਾ ਹੈ। ਸੰਜਨਾ ਅਤੇ ਬੁਮਰਾਹ ਪਹਿਲੀ ਵਾਰ ਮਾਤਾ-ਪਿਤਾ ਬਣੇ ਹਨ। ਜਸਪ੍ਰੀਤ ਬੁਮਰਾਹ ਨੇ ਇੰਸਟਾਗ੍ਰਾਮ ‘ਤੇ ਫੋਟੋ ਸ਼ੇਅਰ ਕਰਕੇ ਆਪਣੇ ਪਿਤਾ ਬਣਨ ਦੀ ਜਾਣਕਾਰੀ ਦਿੱਤੀ ਹੈ। ਉਸਨੇ ਇਹ ਵੀ ਦੱਸਿਆ ਕਿ ਉਸਦੇ ਬੇਟੇ ਦਾ ਨਾਂ ਅੰਗਦ ਰੱਖਿਆ ਗਿਆ ਹੈ। ਹਾਲਾਂਕਿ, ਉਹ ਪੂਰੀ ਤਰ੍ਹਾਂ ਫਿੱਟ ਹੈ ਅਤੇ ਸੁਪਰ-4 ਪੜਾਅ ਦੇ ਮੈਚਾਂ ਲਈ ਸ਼੍ਰੀਲੰਕਾ ਵਾਪਸੀ ਕਰੇਗਾ।
ਜੇਕਰ ਭਾਰਤੀ ਟੀਮ ਸੋਮਵਾਰ ਨੂੰ ਨੇਪਾਲ ਨੂੰ ਹਰਾਉਣ ‘ਚ ਸਫਲ ਰਹਿੰਦੀ ਹੈ ਤਾਂ ਟੀਮ ਸੁਪਰ-4 ਪੜਾਅ ਲਈ ਕੁਆਲੀਫਾਈ ਕਰ ਲਵੇਗੀ। ਸੁਪਰ-4 ‘ਚ ਟੀਮ ਦਾ ਪਹਿਲਾ ਮੈਚ 10 ਸਤੰਬਰ ਨੂੰ ਕੈਂਡੀ ਮੈਦਾਨ ‘ਤੇ ਪਾਕਿਸਤਾਨ ਨਾਲ ਹੋਵੇਗਾ।
ਨੇਪਾਲ ਖਿਲਾਫ ਬੁਮਰਾਹ (Jasprit Bumrah) ਦੀ ਗੈਰ-ਮੌਜੂਦਗੀ ‘ਚ ਭਾਰਤੀ ਟੀਮ ਮੁਹੰਮਦ ਸ਼ਮੀ ਨੂੰ ਮੌਕਾ ਦੇ ਸਕਦੀ ਹੈ। ਸੁਪਰ-4 ਪੜਾਅ ਲਈ ਕੁਆਲੀਫਾਈ ਕਰਨ ਲਈ ਭਾਰਤ ਨੂੰ 4 ਸਤੰਬਰ ਨੂੰ ਨੇਪਾਲ ਖ਼ਿਲਾਫ਼ ਗਰੁੱਪ-ਏ ਮੈਚ ਜਿੱਤਣਾ ਹੋਵੇਗਾ। ਜੇਕਰ ਮੈਚ ਮੀਂਹ ਕਾਰਨ ਰੱਦ ਹੁੰਦਾ ਹੈ, ਤਾਂ ਨੇਪਾਲ ਅਤੇ ਭਾਰਤ ਦੋਵਾਂ ਟੀਮਾਂ ਨੂੰ 1-1 ਅੰਕ ਮਿਲੇਗਾ। ਤਦ ਵੀ ਭਾਰਤ ਸੁਪਰ-4 ਵਿੱਚ ਪਹੁੰਚ ਜਾਵੇਗਾ। ਸੁਪਰ-4 ਪੜਾਅ 6 ਸਤੰਬਰ ਤੋਂ ਸ਼ੁਰੂ ਹੋਵੇਗਾ। ਪਾਕਿਸਤਾਨ ਨੇ 3 ਅੰਕਾਂ ਨਾਲ ਗਰੁੱਪ ਏ ਤੋਂ ਕੁਆਲੀਫਾਈ ਕਰ ਲਿਆ ਹੈ। ਭਾਰਤ ਦਾ ਇੱਕ ਅੰਕ ਹੈ ਅਤੇ ਨੇਪਾਲ ਦਾ ਕੋਈ ਅੰਕ ਨਹੀਂ ਹੈ।