India

IND vs IRE: ਅੰਡਰ-19 ਵਿਸ਼ਵ ਕੱਪ ‘ਚ ਭਾਰਤ ਨੇ ਆਇਰਲੈਂਡ ਨੂੰ ਦਿੱਤਾ 302 ਦੌੜਾਂ ਦਾ ਟੀਚਾ, ਮੁਸ਼ੀਰ ਖਾਨ ਨੇ ਜੜਿਆ ਸੈਂਕੜਾ

ਚੰਡੀਗੜ੍ਹ, 25 ਜਨਵਰੀ 2024: ਅੰਡਰ-19 ਵਿਸ਼ਵ ਕੱਪ ‘ਚ ਅੱਜ ਭਾਰਤ (India) ਅਤੇ ਆਇਰਲੈਂਡ ਵਿਚਾਲੇ ਮੈਚ ਜਾਰੀ ਹੈ। ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ‘ਚ ਏਸ਼ੀਆਈ ਚੈਂਪੀਅਨ ਬੰਗਲਾਦੇਸ਼ ਨੂੰ ਕਰਾਰੀ ਹਾਰ ਦਿੱਤੀ ਸੀ। ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਲੈਅ ‘ਚ ਬਰਕਰਾਰ ਹੈ। ਭਾਰਤ ਨੇ ਆਇਰਲੈਂਡ ਨੂੰ 302 ਦੌੜਾਂ ਦਾ ਟੀਚਾ ਦਿੱਤਾ ਹੈ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 50 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 301 ਦੌੜਾਂ ਬਣਾਈਆਂ। ਸਰਫਰਾਜ਼ ਖਾਨ ਦੇ ਭਰਾ ਮੁਸ਼ੀਰ ਖਾਨ ਨੇ 106 ਗੇਂਦਾਂ ‘ਤੇ 118 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਉਦੈ ਸਹਾਰਨ ਨੇ ਕਪਤਾਨੀ ਦੀ ਪਾਰੀ ਖੇਡਦੇ ਹੋਏ 84 ਗੇਂਦਾਂ ‘ਚ 75 ਦੌੜਾਂ ਬਣਾਈਆਂ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ (India) ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਆਦਰਸ਼ ਸਿੰਘ 17 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਅਰਸ਼ੀਨ ਕੁਲਕਰਨੀ ਨੇ ਮੁਸ਼ੀਰ ਨਾਲ ਮਿਲ ਕੇ ਦੂਜੀ ਵਿਕਟ ਲਈ 48 ਦੌੜਾਂ ਦੀ ਸਾਂਝੇਦਾਰੀ ਕੀਤੀ। ਅਰਸ਼ੀਨ 55 ਗੇਂਦਾਂ ਵਿੱਚ ਤਿੰਨ ਚੌਕਿਆਂ ਦੀ ਮੱਦਦ ਨਾਲ 32 ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ ਮੁਸ਼ੀਰ ਨੇ ਕਪਤਾਨ ਉਦੈ ਨਾਲ ਮਿਲ ਕੇ ਤੀਜੇ ਵਿਕਟ ਲਈ 156 ਦੌੜਾਂ ਦੀ ਸਾਂਝੇਦਾਰੀ ਕੀਤੀ।

ਉਦੈ 84 ਗੇਂਦਾਂ ‘ਚ ਪੰਜ ਚੌਕਿਆਂ ਦੀ ਮਦਦ ਨਾਲ 75 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਮੁਸ਼ੀਰ 106 ਗੇਂਦਾਂ ਵਿੱਚ 9 ਚੌਕਿਆਂ ਅਤੇ ਚਾਰ ਛੱਕਿਆਂ ਦੀ ਮੱਦਦ ਨਾਲ 118 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਇਸ ਤੋਂ ਬਾਅਦ ਅਰਾਵਲੀ ਅਵਨੀਸ਼ ਨੇ 13 ਗੇਂਦਾਂ ‘ਚ ਤਿੰਨ ਚੌਕਿਆਂ ਦੀ ਮਦਦ ਨਾਲ 22 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਸਚਿਨ ਦਾਸ ਨੇ 9 ਗੇਂਦਾਂ ‘ਤੇ ਦੋ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 21 ਦੌੜਾਂ ਦੀ ਤੂਫਾਨੀ ਪਾਰੀ ਖੇਡੀ।

Scroll to Top