ਚੰਡੀਗੜ੍ਹ 07 ਫਰਵਰੀ, 2025: India vs England: ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਐਤਵਾਰ (09 ਫਰਵਰੀ) ਨੂੰ ਕਟਕ ਦੇ ਬਾਰਾਬਤੀ ਸਟੇਡੀਅਮ ਵਿਖੇ ਖੇਡਿਆ ਜਾਵੇਗਾ। ਇਸ ਮੈਚ ‘ਚ ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਵਾਪਸੀ ਕਰਨਗੇ। ਇਹ ਜਾਣਕਾਰੀ ਟੀਮ ਦੇ ਉਪ-ਕਪਤਾਨ ਸ਼ੁਭਮਨ ਗਿੱਲ (Shubman Gill) ਨੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਵਿਰਾਟ ਕੋਹਲੀ ਦੀ ਫਿਟਨੈਸ ‘ਤੇ ਚੱਲ ਰਹੇ ਸ਼ੰਕਿਆਂ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਕੋਹਲੀ ਦੂਜੇ ਵਨਡੇ ਮੈਚ ‘ਚ ਵਾਪਸੀ ਕਰਨਗੇ।
ਨਾਗਪੁਰ ‘ਚ ਪਹਿਲੇ ਵਨਡੇ ‘ਚ 87 ਦੌੜਾਂ ਬਣਾ ਕੇ ਭਾਰਤ ਦੀ ਚਾਰ ਵਿਕਟਾਂ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ੁਭਮਨ ਗਿੱਲ ਨੇ ਡਿਜ਼ਨੀ ਹੌਟਸਟਾਰ ਨੂੰ ਕਿਹਾ, “ਕੋਹਲੀ ਦੀ ਸੱਟ ਗੰਭੀਰ ਨਹੀਂ ਹੈ।” ਉਨ੍ਹਾਂ ਨੇ ਬੁੱਧਵਾਰ ਨੂੰ ਵਧੀਆ ਅਭਿਆਸ ਕੀਤਾ ਪਰ ਵੀਰਵਾਰ ਸਵੇਰੇ ਉਨ੍ਹਾਂ ਦੇ ਗੋਡੇ ‘ਚ ਕੁਝ ਸੋਜ ਸੀ। ਉਹ ਦੂਜੇ ਵਨਡੇ ‘ਚ ਜ਼ਰੂਰ ਵਾਪਸੀ ਕਰਨਗੇ।
ਵਿਰਾਟ ਕੋਹਲੀ (Virat Kohli) ਆਪਣੇ ਸੱਜੇ ਗੋਡੇ ‘ਚ ਸੋਜ ਕਾਰਨ ਪਿਛਲੇ ਮੈਚ ‘ਚ ਨਹੀਂ ਖੇਡ ਸਕਿਆ। ਉਸਦੀ ਜਗ੍ਹਾ, ਸ਼੍ਰੇਅਸ ਅਈਅਰ ਨੂੰ ਪਲੇਇੰਗ-11 ‘ਚ ਸ਼ਾਮਲ ਕੀਤਾ ਸੀ। ਕੋਹਲੀ ਦੀ ਇਸ ਸਮੱਸਿਆ ਨੇ ਭਾਰਤੀ ਟੀਮ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਸਨ। ਦਰਅਸਲ, ਭਾਰਤੀ ਟੀਮ ਨੂੰ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਦੁਬਈ ਜਾਣਾ ਹੈ। ਆਉਣ ਵਾਲੇ ਟੂਰਨਾਮੈਂਟ ਦੀ ਤਿਆਰੀ ਨੂੰ ਧਿਆਨ ‘ਚ ਰੱਖਦੇ ਹੋਏ ਇਹ ਬਹੁਤ ਮਹੱਤਵਪੂਰਨ ਹੈ।
ਗਿੱਲ ਵਨਡੇ ਮੈਚਾਂ ‘ਚ ਪਾਰੀ ਦੀ ਸ਼ੁਰੂਆਤ ਕਰ ਰਿਹਾ ਹੈ ਪਰ ਉਨ੍ਹਾਂ ਨੇ ਕਿਹਾ ਕਿ ਉਸਨੂੰ ਇੰਗਲੈਂਡ ਵਿਰੁੱਧ ਲੜੀ ਵਿੱਚ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਹੈ। ਉਨ੍ਹਾਂ ਨੇ ਕਿਹਾ, ਮੈਂ ਟੈਸਟ ਮੈਚਾਂ ਵਿੱਚ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦਾ ਹਾਂ ਇਸ ਲਈ ਮੈਨੂੰ ਜ਼ਿਆਦਾ ਬਦਲਾਅ ਨਹੀਂ ਕਰਨੇ ਪਏ। ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨਾ ਬਹੁਤ ਚੁਣੌਤੀਪੂਰਨ ਹੈ ਕਿਉਂਕਿ ਤੁਹਾਨੂੰ ਖੇਡ ਦੀ ਸਥਿਤੀ ਦੇ ਅਨੁਸਾਰ ਖੇਡਣਾ ਪੈਂਦਾ ਹੈ।
Read More: IND vs ENG: ਇੰਗਲੈਂਡ ਖ਼ਿਲਾਫ ਵਨਡੇ ਮੈਚ ‘ਚ ਰਵਿੰਦਰ ਜਡੇਜਾ ਤੇ ਹਰਸ਼ਿਤ ਰਾਣਾ ਨੇ ਬਣਾਏ ਰਿਕਾਰਡ