ਚੰਡੀਗ੍ਹੜ, 22 ਜਨਵਰੀ 2024: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ 25 ਜਨਵਰੀ ਤੋਂ ਸ਼ੁਰੂ ਹੋਵੇਗੀ। ਪਹਿਲਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਨੂੰ ਸੀਰੀਜ਼ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਅਨੁਭਵੀ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਪਹਿਲੇ ਦੋ ਟੈਸਟਾਂ ‘ਚ ਨਹੀਂ ਖੇਡਣਗੇ। ਬੀਸੀਸੀਆਈ ਨੇ ਉਨ੍ਹਾਂ ਨੂੰ ਟੀਮ ਤੋਂ ਬਾਹਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
ਬੀਸੀਸੀਆਈ ਨੇ ਕਿਹਾ ਕਿ ਕੋਹਲੀ (Virat Kohli) ਨਿੱਜੀ ਕਾਰਨਾਂ ਕਰਕੇ ਪਹਿਲੇ ਦੋ ਟੈਸਟ ਮੈਚ ਨਹੀਂ ਖੇਡਣਗੇ। ਵਿਰਾਟ ਦੇ ਬਦਲ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ ਪਰ ਹੈਦਰਾਬਾਦ ਟੈਸਟ ਮੈਚ ਤੋਂ ਪਹਿਲਾਂ ਇਸ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕੋਹਲੀ ਵੀ ਨਿੱਜੀ ਕਾਰਨਾਂ ਕਰਕੇ ਅਫਗਾਨਿਸਤਾਨ ਖ਼ਿਲਾਫ਼ ਪਹਿਲੇ ਟੀ-20 ਮੈਚ ਤੋਂ ਹਟ ਗਏ ਸਨ। ਹਾਲਾਂਕਿ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਵਿਰਾਟ ਕਿਸ ਨਿੱਜੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ।
ਬੀਸੀਸੀਆਈ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਰਾਟ ਇਸ ਮਾਮਲੇ ’ਤੇ ਕਪਤਾਨ ਰੋਹਿਤ ਸ਼ਰਮਾ ਨਾਲ ਪਹਿਲਾਂ ਹੀ ਗੱਲ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਸ ਮਾਮਲੇ ’ਤੇ ਕਪਤਾਨ ਦਾ ਸਮਰਥਨ ਹਾਸਲ ਹੈ। ਕੋਹਲੀ ਦੀ ਗੈਰ-ਮੌਜੂਦਗੀ ‘ਚ ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ ਵਰਗੇ ਨੌਜਵਾਨਾਂ ਦੇ ਮੋਢਿਆਂ ‘ਤੇ ਅੱਗੇ ਵਧਣ ਅਤੇ ਪ੍ਰਦਰਸ਼ਨ ਕਰਨ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ।