ਚੰਡੀਗੜ੍ਹ, 23 ਫਰਵਰੀ 2024: ਭਾਰਤ ਅਤੇ ਇੰਗਲੈਂਡ ਵਿਚਾਲੇ ਰਾਂਚੀ ‘ਚ ਚੌਥਾ ਟੈਸਟ (4th Test match) ਮੈਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਇੰਗਲੈਂਡ ਨੇ ਸੱਤ ਵਿਕਟਾਂ ਗੁਆ ਕੇ 302 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਓਲੀ ਰੌਬਿਨਸਨ 31 ਦੌੜਾਂ ਅਤੇ ਜੋ ਰੂਟ 106 ਦੌੜਾਂ ਬਣਾ ਕੇ ਨਾਬਾਦ ਹਨ। ਦੋਵਾਂ ਵਿਚਾਲੇ 57 ਦੌੜਾਂ ਦੀ ਸਾਂਝੇਦਾਰੀ ਹੋਈ ਹੈ। ਅੱਜ ਪਹਿਲਾ ਸੈਸ਼ਨ ਭਾਰਤ ਦੇ ਨਾਂ ਰਿਹਾ।
ਆਕਾਸ਼ ਦੀਪ ਦੀਆਂ ਤਿੰਨ ਵਿਕਟਾਂ ਨੇ ਇੰਗਲੈਂਡ ਦੇ ਸਿਖਰਲੇ ਕ੍ਰਮ ਨੂੰ ਉਖਾੜ ਦਿੱਤਾ ਸੀ। ਉਸ ਨੇ ਬੇਨ ਡਕੇਟ (11), ਓਲੀ ਪੋਪ (0) ਅਤੇ ਜੈਕ ਕਰਾਊਲੀ (42) ਨੂੰ ਪੈਵੇਲੀਅਨ ਭੇਜਿਆ। ਇਸ ਤੋਂ ਬਾਅਦ ਆਕਾਸ਼ ਨੇ ਤਬਾਹੀ ਮਚਾਉਣ ਤੋਂ ਬਾਅਦ ਸਪਿਨਰਾਂ ਦੀ ਵਾਰੀ ਸੀ। ਅਸ਼ਵਿਨ ਨੇ ਜੌਨੀ ਬੇਅਰਸਟੋ ਅਤੇ ਰਵਿੰਦਰ ਜਡੇਜਾ ਨੇ ਬੇਨ ਸਟੋਕਸ ਨੂੰ ਆਊਟ ਕਰਕੇ ਇੰਗਲੈਂਡ ਦੀ ਅੱਧੀ ਟੀਮ ਨੂੰ ਪੈਵੇਲੀਅਨ ਭੇਜ ਦਿੱਤਾ। ਬੇਅਰਸਟੋ 38 ਦੌੜਾਂ ਅਤੇ ਸਟੋਕਸ ਤਿੰਨ ਦੌੜਾਂ ਬਣਾ ਸਕੇ।
ਲੰਚ ਤੱਕ ਪਹਿਲੇ ਸੈਸ਼ਨ ਵਿੱਚ (4th Test match) ਇੰਗਲੈਂਡ ਨੇ ਪੰਜ ਵਿਕਟਾਂ ਗੁਆ ਕੇ 112 ਦੌੜਾਂ ਬਣਾ ਲਈਆਂ ਸਨ। ਇਸ ਤੋਂ ਬਾਅਦ ਦੂਜੇ ਸੈਸ਼ਨ ‘ਚ ਭਾਵ ਚਾਹ ਦੇ ਸਮੇਂ ਤੱਕ ਜੋਅ ਰੂਟ ਅਤੇ ਬੇਨ ਫਾਕਸ ਨੇ ਕੋਈ ਵਿਕਟ ਨਹੀਂ ਡਿੱਗਣ ਦਿੱਤੀ। ਦੋਵਾਂ ਨੇ ਮਿਲ ਕੇ ਉਸ ਸੈਸ਼ਨ ਵਿੱਚ 86 ਦੌੜਾਂ ਜੋੜੀਆਂ। ਸਿਰਾਜ ਨੇ ਤੀਜੇ ਸੈਸ਼ਨ ਯਾਨੀ ਚਾਹ ਦੇ ਸਮੇਂ ਤੋਂ ਬਾਅਦ ਭਾਰਤੀ ਟੀਮ ਦੀ ਵਾਪਸੀ ਕੀਤੀ। ਉਸ ਨੇ ਰੂਟ ਅਤੇ ਫਾਕਸ ਦੀ 113 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਿਆ। ਫਾਕਸ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਉਹ 47 ਦੌੜਾਂ ਬਣਾ ਕੇ ਸਿਰਾਜ ਦੀ ਗੇਂਦ ‘ਤੇ ਕੈਚ ਆਊਟ ਹੋ ਗਏ।
ਇਸ ਦੇ ਨਾਲ ਹੀ ਟਾਮ ਹਾਰਟਲੇ 13 ਦੌੜਾਂ ਬਣਾ ਕੇ ਸਿਰਾਜ ਦੇ ਹੱਥੋਂ ਕਲੀਨ ਬੋਲਡ ਹੋ ਗਏ। ਰੂਟ ਨੇ ਆਪਣੇ ਟੈਸਟ ਕਰੀਅਰ ਦਾ 31ਵਾਂ ਸੈਂਕੜਾ ਲਗਾਇਆ। ਉਸ ਨੇ ਓਲੀ ਰੌਬਿਨਸਨ ਨਾਲ ਮਿਲ ਕੇ ਇੰਗਲੈਂਡ ਦੀ ਪਾਰੀ ਨੂੰ ਸੰਭਾਲਿਆ ਹੈ। ਭਾਰਤ ਵੱਲੋਂ ਹੁਣ ਤੱਕ ਆਕਾਸ਼ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਸਿਰਾਜ ਨੇ ਦੋ ਵਿਕਟਾਂ ਹਾਸਲ ਕੀਤੀਆਂ। ਰਵਿੰਦਰ ਜਡੇਜਾ ਅਤੇ ਅਸ਼ਵਿਨ ਨੂੰ ਇਕ-ਇਕ ਵਿਕਟ ਮਿਲੀ। ਤੀਜੇ ਸੈਸ਼ਨ ਵਿੱਚ ਇੰਗਲੈਂਡ ਨੇ 29 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 104 ਦੌੜਾਂ ਬਣਾਈਆਂ।