ਚੰਡੀਗੜ੍ਹ, 28 ਜਨਵਰੀ 2025: IND vs ENG T20 Match Live: ਟੀ-20 ਵਿਸ਼ਵ ਕੱਪ ਚੈਂਪੀਅਨ ਭਾਰਤੀ ਟੀਮ ਮੰਗਲਵਾਰ ਨੂੰ ਇੰਗਲੈਂਡ ਖ਼ਿਲਾਫ ਆਪਣਾ ਤੀਜਾ ਟੀ-20 ਮੈਚ ਖੇਡੇਗੀ | ਭਾਰਤ ਇਹ ਸੀਰੀਜ਼ ਜਿੱਤ ਕੇ ਪਿਛਲੇ ਅੱਠ ਸਾਲਾਂ ਤੋਂ ਟੀ-20 ‘ਚ ਇੰਗਲੈਂਡ ‘ਤੇ ਆਪਣਾ ਦਬਦਬਾ ਕਾਇਮ ਰੱਖਣਾ ਚਾਹੇਗੀ | ਜੇਕਰ ਭਾਰਤ ਰਾਜਕੋਟ ‘ਚ 2-0 ਦੀ ਬੜ੍ਹਤ ਨਾਲ ਜਿੱਤਦਾ ਹੈ, ਤਾਂ ਉਹ ਪੰਜ ਮੈਚਾਂ ਦੀ ਲੜੀ ਵੀ 3-0 ਦੀ ਬੜ੍ਹਤ ਨਾਲ ਜਿੱਤ ਲਵੇਗਾ। ਜੇਕਰ ਅਜਿਹਾ ਹੁੰਦਾ ਹੈ, ਤਾਂ ਭਾਰਤ ਇੰਗਲੈਂਡ ਵਿਰੁੱਧ ਲਗਾਤਾਰ ਪੰਜਵੀਂ ਟੀ-20 ਲੜੀ ਜਿੱਤ ਲਵੇਗਾ।
ਭਾਰਤੀ ਟੀਮ 2017 ਤੋਂ ਇੰਗਲੈਂਡ ‘ਤੇ ਟੀ-20 ਸੀਰੀਜ਼ ‘ਤੇ ਦਬਦਬਾ ਬਣਾ ਰਹੀ ਹੈ। 2017 ਵਿੱਚ, ਭਾਰਤ ਨੇ ਇੰਗਲੈਂਡ ਨੂੰ ਤਿੰਨ ਮੈਚਾਂ ਦੀ ਲੜੀ ‘ਚ 2-1 ਨਾਲ, 2018 ‘ਚ ਤਿੰਨ ਮੈਚਾਂ ਦੀ ਲੜੀ ‘ਚ 2-1 ਨਾਲ, 2021 ‘ਚ ਪੰਜ ਮੈਚਾਂ ਦੀ ਸੀਰੀਜ਼ ‘ਚ 3-2 ਨਾਲ ਅਤੇ 2022 ‘ਚ ਤਿੰਨ ਮੈਚਾਂ ਦੀ ਲੜੀ ‘ਚ 2-1 ਨਾਲ ਹਰਾਇਆ ਸੀ।
ਭਾਰਤੀ ਟੀਮ ਦਾ ਮਜ਼ਬੂਤ ਪੱਖ ਤਿਲਕ ਵਰਮਾ ਦਾ ਫਾਰਮ ਹੈ, ਚੇਨਈ ‘ਚ ਤਿਲਕ ਦੀ 72 ਦੌੜਾਂ ਦੀ ਨਾਬਾਦ ਪਾਰੀ ਨੇ ਭਾਰਤ ਦੀ ਰੋਮਾਂਚਕ ਜਿੱਤ ਵੱਲ ਅਗਵਾਈ ਕੀਤੀ। ਤਿਲਕ ਪਿਛਲੀਆਂ ਚਾਰ ਪਾਰੀਆਂ ‘ਚ ਆਊਟ ਨਹੀਂ ਹੋਇਆ ਹੈ। ਉਨ੍ਹਾਂ ਨੇ ਪਿਛਲੀਆਂ ਚਾਰ ਪਾਰੀਆਂ ‘ਚ ਨਾਬਾਦ 107, 120, 19 ਅਤੇ 72 ਦੌੜਾਂ ਬਣਾਈਆਂ ਹਨ। ਵਰਮਾ ਨੇ ਚੇਨਈ ‘ਚ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਖ਼ਿਲਾਫ ਜਬਰਦਸ਼ਤ ਬੱਲੇਬਾਜ਼ੀ ਕੀਤੀ ਹੈ |
ਜਿੱਥੇ ਸੰਜੂ ਸੈਮਸਨ ਆਰਚਰ ਦੀਆਂ ਧਮਾਕੇਦਾਰ ਗੇਂਦਾਂ ਦਾ ਸਾਹਮਣਾ ਕਰਨ ਲਈ ਸੰਘਰਸ਼ ਕਰ ਰਿਹਾ ਹੈ, ਉੱਥੇ ਤਿਲਕ ਉਸਦੇ ਖਿਲਾਫ ਆਸਾਨੀ ਨਾਲ ਸਕੋਰ ਕਰ ਰਿਹਾ ਹੈ। ਦੱਖਣੀ ਅਫਰੀਕਾ ‘ਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਸੈਮਸਨ ਨੂੰ ਇਸ ਲੜੀ ‘ਚ ਸ਼ਾਰਟ-ਪਿੱਚ ਗੇਂਦਾਂ ਨਾਲ ਮੁਸ਼ਕਿਲ ਆਈ ਹੈ।
ਸੂਰਿਆਕੁਮਾਰ ਨੇ ਪਿਛਲੇ ਛੇ ਟੀ-20 ਮੈਚਾਂ (IND vs ENG) ‘ਚ ਕੋਈ ਅਰਧ ਸੈਂਕੜਾ ਨਹੀਂ ਲਗਾਇਆ ਹੈ। ਉਸ ਤੋਂ ਬੱਲੇਬਾਜ਼ੀ ਲਈ ਅਨੁਕੂਲ ਰਾਜਕੋਟ ਵਿਕਟ ‘ਤੇ ਦੌੜਾਂ ਬਣਾਉਣ ਦੀ ਉਮੀਦ ਹੈ। ਇਸ ਦੇ ਨਾਲ ਹੀ, ਜੋਸ ਬਟਲਰ ਦੀ ਟੀਮ ਸੀਰੀਜ਼ ‘ਚ ਬਣੇ ਰਹਿਣ ਲਈ ਕਿਸੇ ਵੀ ਕੀਮਤ ‘ਤੇ ਇਹ ਮੈਚ ਜਿੱਤਣਾ ਚਾਹੇਗੀ।
Read More: ICC Awards: ਭਾਰਤ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ 2024 ਦਾ ਸਰਵੋਤਮ ਪੁਰਸ਼ ਟੀ-20 ਖਿਡਾਰੀ ਬਣਿਆ