ਚੰਡੀਗੜ੍ਹ 02 ਜੁਲਾਈ 2022: ਭਾਰਤ ਅਤੇ ਇੰਗਲੈਂਡ ਵਿਚਾਲੇ ਐਜਬੈਸਟਨ ‘ਚ ਖੇਡੇ ਜਾ ਰਹੇ ਟੈਸਟ ‘ਚ ਰਿਸ਼ਭ ਪੰਤ (Rishabh Pant) ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ 89 ਗੇਂਦਾਂ ‘ਚ ਸਭ ਤੋਂ ਤੇਜ਼ ਸੈਂਕੜਾ ਜੜ ਕੇ ਟੀਮ ਇੰਡੀਆ ਨੂੰ ਮੁਸ਼ਕਲ ਹਾਲਾਤਾਂ ‘ਚੋਂ ਬਾਹਰ ਲਿਆਂਦਾ। ਇਕ ਸਮੇਂ ਭਾਰਤ ਨੇ 98 ਦੌੜਾਂ ‘ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਪੰਤ ਨੇ ਰਵਿੰਦਰ ਜਡੇਜਾ ਨਾਲ ਛੇਵੀਂ ਵਿਕਟ ਲਈ 222 ਦੌੜਾਂ ਦੀ ਸਾਂਝੇਦਾਰੀ ਕੀਤੀ।
ਇੰਨਾ ਹੀ ਨਹੀਂ ਪੰਤ ਨੇ 89 ਗੇਂਦਾਂ ‘ਚ ਸੈਂਕੜਾ ਲਗਾ ਕੇ ਕਈ ਰਿਕਾਰਡ ਵੀ ਆਪਣੇ ਨਾਂ ਕੀਤੇ । ਪੰਤ ਨੇ 111 ਗੇਂਦਾਂ ‘ਤੇ 146 ਦੌੜਾਂ ਬਣਾਈਆਂ ਅਤੇ ਜੋਅ ਰੂਟ ਨੇ ਆਊਟ ਕੀਤਾ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 7 ਵਿਕਟਾਂ ਦੇ ਨੁਕਸਾਨ ‘ਤੇ 338 ਦੌੜਾਂ ਬਣਾ ਲਈਆਂ ਹਨ। ਜਡੇਜਾ ਇਸ ਸਮੇਂ 83 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਮੁਹੰਮਦ ਸ਼ਮੀ ਉਨ੍ਹਾਂ ਦਾ ਸਾਥ ਦੇ ਰਹੇ ਹਨ।
ਇਸਦੇ ਨਾਲ ਹੀ ਰਿਸ਼ਭ ਪੰਤ ਇੰਗਲੈਂਡ ‘ਚ ਟੈਸਟ ਮੈਚਾਂ ‘ਚ ਦੋ ਸੈਂਕੜੇ ਲਗਾਉਣ ਵਾਲੇ ਵਿਰੋਧੀ ਟੀਮ ਦੇ ਪਹਿਲੇ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ। ਪੰਤ ਨੇ ਭਾਰਤ ਵਿੱਚ ਆਪਣੇ 31 ਟੈਸਟਾਂ ਵਿੱਚੋਂ ਸਿਰਫ਼ ਅੱਠ ਹੀ ਖੇਡੇ ਹਨ। ਉਸ ਨੇ ਬਾਕੀ ਟੈਸਟ ਵਿਦੇਸ਼ੀ ਧਰਤੀ ‘ਤੇ ਖੇਡੇ ਹਨ। ਆਪਣੇ ਪੰਜ ਟੈਸਟ ਸੈਂਕੜਿਆਂ ਵਿੱਚੋਂ ਪੰਤ ਨੇ ਵਿਦੇਸ਼ੀ ਧਰਤੀ ‘ਤੇ ਚਾਰ ਸੈਂਕੜੇ ਲਗਾਏ ਹਨ।
ਰਿਸ਼ਭ ਪੰਤ ਦੀਆਂ ਟੈਸਟ ਵਿੱਚ 2,000 ਦੌੜਾਂ ਪੂਰੀਆਂ
ਰਿਸ਼ਭ ਪੰਤ (Rishabh Pant) ਜਦੋਂ 80 ਦੌੜਾਂ ‘ਤੇ ਸਨ ਤਾਂ ਉਨ੍ਹਾਂ ਨੇ ਟੈਸਟ ‘ਚ ਵੀ 2000 ਦੌੜਾਂ ਪੂਰੀਆਂ ਕੀਤੀਆਂ ਸਨ। ਅਜਿਹਾ ਕਰਨ ਵਾਲਾ ਉਹ ਭਾਰਤ ਦਾ ਚੌਥਾ ਵਿਕਟਕੀਪਰ ਬੱਲੇਬਾਜ਼ ਬਣ ਗਿਆ। ਉਨ੍ਹਾਂ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ, ਸਈਅਦ ਕਿਰਮਾਨੀ, ਫਾਰੂਕ ਇੰਜੀਨੀਅਰ ਟੈਸਟ ‘ਚ ਦੋ ਹਜ਼ਾਰ ਦੌੜਾਂ ਬਣਾ ਚੁੱਕੇ ਹਨ। ਧੋਨੀ ਨੇ ਆਪਣੇ ਟੈਸਟ ਕਰੀਅਰ ‘ਚ 4876 ਦੌੜਾਂ ਬਣਾਈਆਂ। ਹਾਲਾਂਕਿ, 24 ਸਾਲ ਦੀ ਉਮਰ ਵਿੱਚ, ਪੰਤ ਟੈਸਟ ਵਿੱਚ 2,000 ਦੌੜਾਂ ਪੂਰੀਆਂ ਕਰਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਵਿਕਟਕੀਪਰ ਬੱਲੇਬਾਜ਼ ਬਣ ਗਿਆ।
ਰਿਸ਼ਭ ਪੰਤ ਦਾ ਟੈਸਟ ਮੈਚ ਵਿੱਚ ਸਭ ਤੋਂ ਤੇਜ਼ ਸੈਂਕੜਾ
ਇੱਕ ਭਾਰਤੀ ਵਿਕਟਕੀਪਰ ਬੱਲੇਬਾਜ਼ ਵਜੋਂ ਪੰਤ (Rishabh Pant) ਨੇ ਟੈਸਟ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦੇ ਮਾਮਲੇ ਵਿੱਚ ਭਾਰਤ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਅਤੇ ਕਪਤਾਨ ਐਮਐਸ ਧੋਨੀ ਦਾ 17 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। ਮਹਿੰਦਰ ਸਿੰਘ ਧੋਨੀ ਨੇ 2005 ‘ਚ ਪਾਕਿਸਤਾਨ ਖਿਲਾਫ 93 ਗੇਂਦਾਂ ‘ਚ ਸੈਂਕੜਾ ਲਗਾਇਆ ਸੀ। ਪੰਤ ਨੇ 89 ਗੇਂਦਾਂ ‘ਚ ਸੈਂਕੜਾ ਲਗਾ ਕੇ ਇਹ ਰਿਕਾਰਡ ਤੋੜ ਦਿੱਤਾ।
ਪੰਤ ਏਸ਼ੀਆ ਤੋਂ ਬਾਹਰ ਟੈਸਟ ‘ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਭਾਰਤੀ ਬੱਲੇਬਾਜ਼ਾਂ ‘ਚ ਤੀਜੇ ਨੰਬਰ ‘ਤੇ ਹਨ। ਵਰਿੰਦਰ ਸਹਿਵਾਗ ਨੇ 2006 ‘ਚ ਵੈਸਟਇੰਡੀਜ਼ ਖਿਲਾਫ ਗ੍ਰੋਸ ਆਈਲੇਟ ਟੈਸਟ ‘ਚ 78 ਗੇਂਦਾਂ ‘ਚ ਸੈਂਕੜਾ ਲਗਾਇਆ ਸੀ। ਇਸ ਦੇ ਨਾਲ ਹੀ ਅਜ਼ਹਰੂਦੀਨ ਨੇ 1990 ‘ਚ ਲਾਰਡਸ ‘ਚ ਇੰਗਲੈਂਡ ਖਿਲਾਫ 88 ਗੇਂਦਾਂ ‘ਚ ਸੈਂਕੜਾ ਲਗਾਇਆ ਸੀ। ਫਿਰ ਪੰਤ ਦਾ ਨੰਬਰ ਆਉਂਦਾ ਹੈ।
ਪੰਤ ਦੇ ਏਸ਼ੀਆ ਤੋਂ ਬਾਹਰ ਟੈਸਟ ਮੈਚਾਂ ਵਿੱਚ ਸਭ ਤੋਂ ਵੱਧ ਸੈਂਕੜੇ
ਪੰਤ ਏਸ਼ੀਆ ਤੋਂ ਬਾਹਰ ਟੈਸਟ ਮੈਚਾਂ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਭਾਰਤੀ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ। ਪੰਤ ਨੇ ਏਸ਼ੀਆ ਤੋਂ ਬਾਹਰ ਚਾਰ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਵਿਜੇ ਮਾਂਜਰੇਕਰ, ਅਜੈ ਰਾਤਰਾ ਅਤੇ ਰਿਧੀਮਾਨ ਸਾਹਾ ਨੇ ਤਿੰਨ-ਤਿੰਨ ਸੈਂਕੜੇ ਲਗਾਏ ਸਨ।