ਸਪੋਰਟਸ, 28 ਜੁਲਾਈ 2025: IND ਬਨਾਮ ENG: ਭਾਰਤੀ ਟੀਮ ਨੂੰ ਇੰਗਲੈਂਡ ਖ਼ਿਲਾਫ ਪੰਜਵੇਂ ਟੈਸਟ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਭਾਰਤ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Rishabh Pant) ਇਸ ਮੈਚ ਤੋਂ ਬਾਹਰ ਹੋ ਗਏ ਹਨ। ਪੰਤ ਨੂੰ ਸੱਟ ਕਾਰਨ 31 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਕਿਹਾ ਕਿ ਨਾਰਾਇਣ ਜਗਦੀਸਨ ਨੂੰ ਪੰਤ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਰਿਸ਼ਭ ਪੰਤ ਨੂੰ ਮੈਨਚੈਸਟਰ ‘ਚ ਇੰਗਲੈਂਡ ਵਿਰੁੱਧ ਚੌਥੇ ਟੈਸਟ ਦੌਰਾਨ ਸੱਜੇ ਪੈਰ ‘ਚ ਫ੍ਰੈਕਚਰ ਕਾਰਨ ਸੀਰੀਜ਼ ਦੇ ਪੰਜਵੇਂ ਅਤੇ ਆਖਰੀ ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਬੀ.ਸੀ.ਸੀ.ਆਈ. ਮੈਡੀਕਲ ਟੀਮ ਉਨ੍ਹਾਂ ਦੀ ਪ੍ਰਗਤੀ ਦੀ ਨਿਗਰਾਨੀ ਕਰੇਗੀ। ਪੁਰਸ਼ ਚੋਣ ਕਮੇਟੀ ਨੇ 31 ਜੁਲਾਈ ਤੋਂ ਲੰਡਨ ਦੇ ਕੇਨਿੰਗਟਨ ਓਵਲ ‘ਚ ਸ਼ੁਰੂ ਹੋਣ ਵਾਲੇ ਪੰਜਵੇਂ ਟੈਸਟ ਲਈ ਰਿਸ਼ਭ ਪੰਤ ਦੀ ਜਗ੍ਹਾ ਨਾਰਾਇਣ ਜਗਦੀਸਨ ਨੂੰ ਭਾਰਤੀ ਟੀਮ ‘ਚ ਸ਼ਾਮਲ ਕੀਤਾ ਹੈ।
ਨਾਰਾਇਣ ਜਗਦੀਸਨ ਕੌਣ ਹੈ ?
ਰਿਸ਼ਭ ਪੰਤ (Rishabh Pant) ਦੀ ਜਗ੍ਹਾ ਭਾਰਤੀ ਟੀਮ ‘ਚ ਜਗ੍ਹਾ ਬਣਾਉਣ ਵਾਲੇ ਵਿਕਟਕੀਪਰ ਬੱਲੇਬਾਜ਼ ਨਾਰਾਇਣ ਜਗਦੀਸਨ ਨੇ ਘਰੇਲੂ ਕ੍ਰਿਕਟ ‘ਚ ਧਮਾਲ ਮਚਾਈ ਹੈ। 29 ਸਾਲਾ ਬੱਲੇਬਾਜ਼ ਨੇ 52 ਪਹਿਲੀ ਸ਼੍ਰੇਣੀ ਮੈਚਾਂ ‘ਚ 3373 ਦੌੜਾਂ ਬਣਾਈਆਂ ਹਨ।
ਇਸ ‘ਚ ਉਨ੍ਹਾਂ ਨੇ 10 ਸੈਂਕੜੇ ਅਤੇ 14 ਅਰਧ ਸੈਂਕੜੇ ਬਣਾਏ ਹਨ। ਇਸ ਦੇ ਨਾਲ ਹੀ ਜਗਦੀਸ਼ਨ ਨੇ 64 ਲਿਸਟ ਏ ਮੈਚਾਂ ‘ਚ 2728 ਦੌੜਾਂ ਅਤੇ 66 ਟੀ-20 ਮੈਚਾਂ ‘ਚ 1475 ਦੌੜਾਂ ਬਣਾਈਆਂ ਹਨ। ਸੱਜੇ ਹੱਥ ਦੇ ਬੱਲੇਬਾਜ਼ ਨੇ ਆਈਪੀਐਲ ‘ਚ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਿਆ ਹੈ। ਉਨ੍ਹਾਂ ਨੇ ਆਈਪੀਐਲ ‘ਚ ਖੇਡੇ ਗਏ 13 ਮੈਚਾਂ ‘ਚ 162 ਦੌੜਾਂ ਬਣਾਈਆਂ ਹਨ।
ਸ਼ੁਭਮਨ ਗਿੱਲ, ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਦੇ ਸੈਂਕੜਿਆਂ ਦੇ ਆਧਾਰ ‘ਤੇ, ਭਾਰਤ ਨੇ ਇੰਗਲੈਂਡ ਵਿਰੁੱਧ ਖੇਡਿਆ ਗਿਆ ਚੌਥਾ ਟੈਸਟ ਮੈਚ ਡਰਾਅ ਕਰਵਾਇਆ। ਇਸ ਮੈਚ ‘ਚ, ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਭਾਰਤੀ ਟੀਮ ਨੇ ਯਸ਼ਸਵੀ ਜੈਸਵਾਲ, ਸਾਈ ਸੁਦਰਸ਼ਨ ਅਤੇ ਰਿਸ਼ਭ ਪੰਤ ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੇ ਆਧਾਰ ‘ਤੇ 358 ਦੌੜਾਂ ਬਣਾਈਆਂ।
ਪਹਿਲੀ ਪਾਰੀ ‘ਚ ਇੰਗਲੈਂਡ ਨੇ 10 ਵਿਕਟਾਂ ‘ਤੇ 669 ਦੌੜਾਂ ਬਣਾਈਆਂ ਅਤੇ 311 ਦੌੜਾਂ ਦੀ ਲੀਡ ਹਾਸਲ ਕੀਤੀ। ਇਸ ਤੋਂ ਬਾਅਦ ਭਾਰਤ ਨੇ ਦੂਜੀ ਪਾਰੀ ‘ਚ ਚਾਰ ਵਿਕਟਾਂ ‘ਤੇ 425 ਦੌੜਾਂ ਬਣਾਈਆਂ | ਭਾਰਤ ਦੀ ਵਧੀਆ ਬੱਲੇਬਾਜ਼ੀ ਕਾਰਨ ਮੈਚ ਡਰਾਅ ‘ਤੇ ਖਤਮ ਹੋਇਆ। ਹੁਣ ਇੰਗਲੈਂਡ ਪੰਜ ਮੈਚਾਂ ਦੀ ਟੈਸਟ ਸੀਰੀਜ਼ ‘ਚ 1-2 ਨਾਲ ਅੱਗੇ ਹੈ। ਹੁਣ ਦੋਵੇਂ ਟੀਮਾਂ ਵਿਚਾਲੇ ਅਗਲਾ ਮੈਚ 31 ਜੁਲਾਈ ਤੋਂ ਓਵਲ ਵਿਖੇ ਖੇਡਿਆ ਜਾਵੇਗਾ।
Read More: IND ਬਨਾਮ ENG: ਦੂਜੀ ਪਾਰੀ ‘ਚ ਜੈਸਵਾਲ ਤੇ ਸੁਦਰਸ਼ਨ ਬਿਨਾਂ ਖਾਤਾ ਖੋਲ੍ਹੇ ਆਊਟ, ਭਾਰਤ 310 ਦੌੜਾਂ ਪਿੱਛੇ




