ਚੰਡੀਗੜ੍ਹ, 07 ਫਰਵਰੀ 2025: IND vs ENG: ਭਾਰਤ ਨੇ ਪਹਿਲੇ ਵਨਡੇ ਮੈਚ ‘ਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਆਗਾਜ਼ ਕੀਤਾ ਹੈ | ਭਾਰਤੀ ਟੀਮ ਦੇ ਇਸ ਮੈਚ ਨੂੰ ਚੈਂਪੀਅਨਜ਼ ਟਰਾਫੀ ਲਈ ਟਰਾਇਲ ਵਜੋਂ ਦੇਖਿਆ ਜਾ ਰਿਹਾ ਹੈ | ਭਾਰਤੀ ਸਪਿਨਰ ਰਵਿੰਦਰ ਜਡੇਜਾ (Ravindra Jadeja) ਦੀਆਂ 3 ਵਿਕਟਾਂ ਨਾਲ ਇੰਗਲੈਂਡ ਦੀ ਟੀਮ 47.4 ਓਵਰਾਂ ‘ਚ 248 ਦੌੜਾਂ ‘ਤੇ ਸਿਮਟ ਗਈ। ਜਵਾਬ ‘ਚ ਭਾਰਤ ਨੇ 38.4 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ |
ਇਸ ਮੈਚ ਦੌਰਾਨ ਗੇਂਦਬਾਜ ਹਰਸ਼ਿਤ ਰਾਣਾ (Harshit Rana) ਅਤੇ ਰਵਿੰਦਰ ਜਡੇਜਾ ਦੇ ਨਾਮ ਰਿਕਾਰਡ ਸੂਚੀ ‘ਚ ਰਹੇ। ਜਡੇਜਾ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 600 ਵਿਕਟਾਂ ਪੂਰੀਆਂ ਕੀਤੀਆਂ। ਜਡੇਜਾ 6000 ਦੌੜਾਂ ਬਣਾਉਣ ਅਤੇ 600 ਵਿਕਟਾਂ ਲੈਣ ਵਾਲਾ ਦੂਜਾ ਭਾਰਤੀ ਬਣ ਗਿਆ। ਹਰਸ਼ਿਤ ਤਿੰਨਾਂ ਫਾਰਮੈਟਾਂ ‘ਚ ਆਪਣੇ ਪਹਿਲੇ ਮੈਚ ‘ਚ 3 ਵਿਕਟਾਂ ਲੈਣ ਵਾਲਾ ਇਕਲੌਤਾ ਭਾਰਤੀ ਬਣ ਗਿਆ।
ਰਵਿੰਦਰ ਜਡੇਜਾ (Ravindra Jadeja) ਅੰਤਰਰਾਸ਼ਟਰੀ ਕ੍ਰਿਕਟ ‘ਚ 6 ਹਜ਼ਾਰ ਦੌੜਾਂ ਬਣਾਉਣ ਅਤੇ 600 ਵਿਕਟਾਂ ਲੈਣ ਵਾਲਾ ਛੇਵਾਂ ਖਿਡਾਰੀ ਹੈ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਦੂਜਾ ਭਾਰਤੀ ਹੈ। ਉਹ ਡੈਨੀਅਲ ਵਿਟੋਰੀ ਅਤੇ ਸ਼ਾਕਿਬ ਅਲ ਹਸਨ ਤੋਂ ਬਾਅਦ ਤੀਜਾ ਸਪਿਨਰ ਹੈ ਜਿਸਨੇ ਇਸ ਰਿਕਾਰਡ ‘ਚ ਆਪਣਾ ਨਾਮ ਸ਼ਾਮਲ ਕੀਤਾ ਹੈ। ਕਪਿਲ ਦੇਵ, ਵਸੀਮ ਅਕਰਮ ਅਤੇ ਸ਼ੌਨ ਪੋਲਕ ਨੇ ਵੀ ਇਹ ਕੀਤਾ ਹੈ। ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ, ਰਵੀਚੰਦਰਨ ਅਸ਼ਵਿਨ, ਹਰਭਜਨ ਸਿੰਘ ਅਤੇ ਕਪਿਲ ਦੇਵ ਆਪਣੇ ਕਰੀਅਰ ‘ਚ 600 ਤੋਂ ਵੱਧ ਵਿਕਟਾਂ ਲੈ ਚੁੱਕੇ ਹਨ।
ਸਪਿਨਰ ਰਵਿੰਦਰ ਜਡੇਜਾ ਨੇ ਇੰਗਲੈਂਡ ਖ਼ਿਲਾਫ ਸਭ ਤੋਂ ਵੱਧ 41 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਇਸ ਮਾਮਲੇ ‘ਚ ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ (40 ਵਿਕਟਾਂ) ਨੂੰ ਪਿੱਛੇ ਛੱਡ ਦਿੱਤਾ।
ਹਰਸ਼ਿਤ ਰਾਣਾ (Harshit Rana) ਤਿੰਨਾਂ ਫਾਰਮੈਟਾਂ ‘ਚ ਆਪਣੇ ਡੈਬਿਊ ‘ਚ 3 ਵਿਕਟਾਂ ਲੈਣ ਵਾਲਾ ਇਕਲੌਤਾ ਭਾਰਤੀ ਹੈ। ਉਨ੍ਹਾਂ ਨੇ ਦਸੰਬਰ 2024 ‘ਚ ਪਰਥ ‘ਚ ਆਸਟ੍ਰੇਲੀਆ ਵਿਰੁੱਧ ਆਪਣਾ ਟੈਸਟ ਡੈਬਿਊ ਕੀਤਾ ਸੀ। ਉੱਥੇ ਹਰਸ਼ਿਤ ਨੇ 48 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਹਰਸ਼ਿਤ ਨੇ ਇੰਗਲੈਂਡ ਖਿਲਾਫ ਚੌਥੇ ਟੀ-20 ‘ਚ ਸਿਰ ‘ਚ ਸੱਟ ਲੱਗਣ ਵਾਲੇ ਬਦਲ ਵਜੋਂ ਆਪਣਾ ਡੈਬਿਊ ਕੀਤਾ। ਉਸ ਮੈਚ ‘ਚ ਹਰਸ਼ਿਤ ਨੇ 33 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਹਰਸ਼ਿਤ ਨੇ ਵੀਰਵਾਰ ਨੂੰ ਆਪਣਾ ਵਨਡੇ ਡੈਬਿਊ ਕੀਤਾ। ਇੱਥੇ ਵੀ ਹਰਸ਼ਿਤ ਨੇ 53 ਦੌੜਾਂ ਦੇ ਕੇ 3 ਵਿਕਟਾਂ ਲਈਆਂ।