ਸਪੋਰਟਸ, 21 ਜੁਲਾਈ 2025: IND ਬਨਾਮ ENG: ਭਾਰਤੀ ਆਲਰਾਊਂਡਰ ਨਿਤੀਸ਼ ਕੁਮਾਰ ਰੈਡੀ ਨੂੰ ਐਂਡਰਸਨ-ਤੇਂਦੁਲਕਰ ਟਰਾਫੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਅਭਿਆਸ ਸੈਸ਼ਨ ਦੌਰਾਨ ਨਿਤੀਸ਼ ਦੇ ਗੋਡੇ ‘ਤੇ ਸੱਟ ਲੱਗ ਗਈ ਸੀ।
ਬੀਸੀਸੀਆਈ ਨੇ ਅੱਜ ਇੱਕ ਮੀਡੀਆ ਰਿਲੀਜ਼ ‘ਚ ਕਿਹਾ ਕਿ ਨਿਤੀਸ਼ ਕੁਮਾਰ ਰੈਡੀ ਨੂੰ ਪੂਰੀ ਟੈਸਟ ਲੜੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਮੈਨਚੈਸਟਰ (ਚੌਥੇ) ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਅਰਸ਼ਦੀਪ ਸਿੰਘ ਨੂੰ ਬੇਕਨਹੈਮ ‘ਚ ਨੈੱਟ ਅਭਿਆਸ ਦੌਰਾਨ ਉਸਦੇ ਖੱਬੇ ਅੰਗੂਠੇ ‘ਚ ਸੱਟ ਲੱਗ ਗਈ ਸੀ। ਬੀਸੀਸੀਆਈ ਦੀ ਮੈਡੀਕਲ ਟੀਮ ਉਸਦੀ ਹਾਲਤ ਦੀ ਨਿਗਰਾਨੀ ਕਰ ਰਹੀ ਹੈ।
ਅੰਸ਼ੁਲ ਕੰਬੋਜ ਨੂੰ ਬੈਕਅੱਪ ਵਜੋਂ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉਹ ਮੈਨਚੈਸਟਰ ‘ਚ ਟੀਮ ‘ਚ ਸ਼ਾਮਲ ਹੋਏ ਹਨ। ਭਾਰਤੀ ਟੀਮ ਸੀਰੀਜ਼ ‘ਚ 1-2 ਨਾਲ ਪਿੱਛੇ ਹੈ। ਚੌਥਾ ਟੈਸਟ 23 ਜੁਲਾਈ ਤੋਂ ਸ਼ੁਰੂ ਹੋਵੇਗਾ।
ਪਹਿਲਾਂ, ਇਹ ਰਿਪੋਰਟ ਆਈ ਸੀ ਕਿ ਤੇਜ਼ ਗੇਂਦਬਾਜ਼ ਆਕਾਸ਼ ਦੀਪ ਵੀ ਸੱਟ ਕਾਰਨ ਚੌਥੇ ਟੈਸਟ ‘ਚ ਨਹੀਂ ਖੇਡ ਸਕੇਗਾ। ਚੌਥਾ ਟੈਸਟ 23 ਤੋਂ 27 ਜੁਲਾਈ ਤੱਕ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਮੈਦਾਨ ‘ਤੇ ਖੇਡਿਆ ਜਾਵੇਗਾ।
ਹਰਿਆਣਾ ਦੇ 24 ਸਾਲਾ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਟੈਸਟ ਸੀਰੀਜ਼ ਤੋਂ ਪਹਿਲਾਂ, ਅੰਸ਼ੁਲ ਨੇ ਇੰਗਲੈਂਡ ਲਾਇਨਜ਼ ਵਿਰੁੱਧ ਇੰਡੀਆ-ਏ ਲਈ ਦੋ ਮੈਚਾਂ ‘ਚ ਪੰਜ ਵਿਕਟਾਂ ਲਈਆਂ ਸਨ। ਪਿਛਲੇ ਸਾਲ ਕੰਬੋਜ ਲਾਹਲੀ ‘ਚ ਕੇਰਲ ਵਿਰੁੱਧ ਰਣਜੀ ਟਰਾਫੀ ਮੈਚ ‘ਚ ਇੱਕ ਪਾਰੀ ‘ਚ ਸਾਰੀਆਂ 10 ਵਿਕਟਾਂ ਲੈਣ ਤੋਂ ਬਾਅਦ ਸੁਰਖੀਆਂ ‘ਚ ਆਇਆ ਸੀ।
Read More: IND ਬਨਾਮ ENG: ਮੈਨਚੈਸਟਰ ‘ਚ ਭਾਰਤ 89 ਸਾਲ ਤੋਂ ਨਹੀਂ ਜਿੱਤਿਆ ਟੈਸਟ ਮੈਚ, ਸ਼ੁਭਮਨ ਗਿੱਲ ਕੋਲ ਇਤਿਹਾਸ ਰਚਣ ਦਾ ਮੌਕਾ