ਸਪੋਰਟਸ, 08 ਜੁਲਾਈ 2025: IND ਬਨਾਮ ENG 3rd Test Match: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਲੜੀ ਦੇ ਦੂਜੇ ਟੈਸਟ ਮੈਚ ‘ਚ ਇੰਗਲੈਂਡ ਨੂੰ 336 ਦੌੜਾਂ ਦੀ ਕਰਾਰੀ ਹਾਰ ਮਿਲੀ | ਹੁਣ ਇੰਗਲੈਂਡ ਨੇ 10 ਜੁਲਾਈ ਤੋਂ ਲਾਰਡਜ਼ ‘ਚ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਮੈਚ ਲਈ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇੰਗਲੈਂਡ ਟੀਮ ਨੇ ਤੇਜ਼ ਗੇਂਦਬਾਜ਼ਾਂ ਲਈ ਮੱਦਦਗਾਰ ਪਿੱਚ ਦੀ ਮੰਗ ਕੀਤੀ ਹੈ। ਤੀਜੇ ਟੈਸਟ ਲਈ ਇੰਗਲੈਂਡ ਦੀ ਪਲੇਇੰਗ-11 ‘ਚ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੀ ਵਾਪਸੀ ਲਗਭਗ ਤੈਅ ਹੈ, ਜਦੋਂ ਕਿ ਗੁਸ ਐਟਕਿੰਸਨ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।
ਐਟਕਿੰਸਨ ਦਾ ਲਾਰਡਜ਼ ‘ਚ ਸ਼ਾਨਦਾਰ ਰਿਕਾਰਡ ਹੈ। ਸਟੋਕਸ ਨੇ ਪੁਸ਼ਟੀ ਨਹੀਂ ਕੀਤੀ ਕਿ ਉਨ੍ਹਾਂ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਤੀਜੇ ਟੈਸਟ ‘ਚ ਖੇਡਣਗੇ ਜਾਂ ਨਹੀਂ। ਸੀਰੀਜ਼ ਬਰਾਬਰ ਕਰਨ ਤੋਂ ਬਾਅਦ ਸ਼ੁਭਮਨ ਗਿੱਲ ਨੇ ਪੁਸ਼ਟੀ ਕੀਤੀ ਸੀ ਕਿ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 10 ਜੁਲਾਈ ਤੋਂ ਲਾਰਡਜ਼ ‘ਚ ਹੋਣ ਵਾਲੇ ਤੀਜੇ ਟੈਸਟ ਮੈਚ ‘ਚ ਖੇਡਣਗੇ। ਬੁਮਰਾਹ ਨੇ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਪੁਸ਼ਟੀ ਕੀਤੀ ਸੀ ਕਿ ਉਹ ਇਸ ਦੌਰੇ ‘ਤੇ ਸਿਰਫ਼ ਤਿੰਨ ਮੈਚ ਖੇਡੇਗਾ। ਬੁਮਰਾਹ ਨੂੰ ਵਰਕਲੋਡ ਮੈਨੇਜਮੈਂਟ ਕਾਰਨ ਦੂਜੇ ਟੈਸਟ ਮੈਚ ਤੋਂ ਆਰਾਮ ਦਿੱਤਾ ਗਿਆ ਸੀ ਅਤੇ ਉਸਦੀ ਜਗ੍ਹਾ ਆਕਾਸ਼ ਦੀਪ ਨੂੰ ਪਲੇਇੰਗ-11 ‘ਚ ਜਗ੍ਹਾ ਮਿਲੀ।
ਆਕਾਸ਼ ਨੂੰ ਮੌਕਾ ਮਿਲਣ ‘ਤੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਮੈਚ ‘ਚ ਕੁੱਲ 10 ਵਿਕਟਾਂ ਲੈ ਕੇ ਆਪਣੀ ਪ੍ਰਤਿਭਾ ਦਿਖਾਈ। ਦੂਜੇ ਪਾਸੇ ਆਰਚਰ ਲੰਬੇ ਸਮੇਂ ਦੀ ਕੂਹਣੀ ਅਤੇ ਪਿੱਠ ਦੀਆਂ ਸੱਟਾਂ ਤੋਂ ਠੀਕ ਹੋਣ ਤੋਂ ਬਾਅਦ ਟੈਸਟ ‘ਚ ਵਾਪਸੀ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਆਪਣਾ ਆਖਰੀ ਟੈਸਟ ਫਰਵਰੀ 2021’ਚ ਖੇਡਿਆ ਸੀ।
ਐਟਕਿੰਸਨ ਹੈਮਸਟ੍ਰਿੰਗ (ਮਾਸਪੇਸ਼ੀ ਖਿਚਾਅ) ਦੀ ਸਮੱਸਿਆ ਕਾਰਨ ਦੂਜਾ ਟੈਸਟ ਨਹੀਂ ਖੇਡ ਸਕਿਆ। ਉਸਦੀ ਵਾਪਸੀ ਨਾਲ ਟੀਮ ਦੇ ਤੇਜ਼ ਗੇਂਦਬਾਜ਼ੀ ਹਮਲੇ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਇੰਗਲੈਂਡ ਦੇ ਕੋਚ ਬ੍ਰੈਂਡਨ ਮੈਕੁਲਮ ਨੇ ਕਿਹਾ ਕਿ ਉਹ ਲਾਰਡਸ ਦੇ ਮੁੱਖ ਗਰਾਊਂਡਸਮੈਨ ਕਾਰਲ ਮੈਕਡਰਮੋਟ ਤੋਂ ਥੋੜ੍ਹੀ ਹੋਰ ਗਤੀ, ਉਛਾਲ ਅਤੇ ਸਵਿੰਗ ਵਾਲੀ ਪਿੱਚ ਚਾਹੁੰਦੇ ਸਨ।
Read More: IND ਬਨਾਮ ENG: ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜੇ ਟੈਸਟ ਮੈਚ ਦਾ ਆਖਰੀ ਦਿਨ