ਇੰਗਲੈਂਡ, 26 ਜੂਨ 2025: IND ਬਨਾਮ ENG 2nd Test Match: ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ‘ਚ ਹਾਰ ਤੋਂ ਬਾਅਦ ਭਾਰਤੀ ਟੀਮ ‘ਚ ਬਦਲਾਅ ਦੀ ਮੰਗ ਜ਼ੋਰ ਫੜ ਗਈ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਗੈਰ-ਹਾਜ਼ਰੀ ‘ਚ ਖੇਡਣ ਵਾਲੇ ਭਾਰਤ ਨੇ ਇੰਗਲੈਂਡ ਦੌਰੇ ‘ਤੇ ਸ਼ੁਰੂਆਤੀ ਮੈਚ ਗੁਆ ਦਿੱਤਾ। ਇਸ ਮੈਚ ‘ਚ ਭਾਰਤ ਦੇ ਚੋਟੀ ਦੇ ਪੰਜ ਬੱਲੇਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ, ਪਰ ਹੇਠਲੇ ਕ੍ਰਮ ਦੇ ਮਾੜੇ ਪ੍ਰਦਰਸ਼ਨ ਅਤੇ ਜਸਪ੍ਰੀਤ ਬੁਮਰਾਹ ਤੋਂ ਇਲਾਵਾ ਗੇਂਦਬਾਜ਼ਾਂ ਦੇ ਚੰਗਾ ਯੋਗਦਾਨ ਪਾਉਣ ‘ਚ ਅਸਫਲ ਰਹਿਣ ਕਾਰਨ ਭਾਰਤ ਨੂੰ ਭਾਰੀ ਨੁਕਸਾਨ ਹੋਇਆ।
ਭਾਰਤੀ ਟੀਮ ਨੇ ਇੰਗਲੈਂਡ ਵਿਰੁੱਧ ਦੂਜੇ ਟੈਸਟ ਮੈਚ ਤੋਂ ਪਹਿਲਾਂ ਨੌਜਵਾਨ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ (Harshit Rana) ਨੂੰ ਟੀਮ ਤੋਂ ਰਿਲੀਜ਼ ਕਰ ਦਿੱਤਾ ਹੈ। ਹਰਸ਼ਿਤ ਨੂੰ ਭਾਰਤ ਦੀ 18 ਮੈਂਬਰੀ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਕਵਰ ਵਜੋਂ ਟੀਮ ‘ਚ ਸ਼ਾਮਲ ਕੀਤਾ ਗਿਆ ਸੀ। ਹਰਸ਼ਿਤ ਭਾਰਤੀ ਟੀਮ ਦੇ ਨਾਲ ਲੀਡਜ਼ ‘ਚ ਮੌਜੂਦ ਸੀ। ਹਰਸ਼ਿਤ ਇੰਡੀਆ ਏ ਟੀਮ ਦਾ ਹਿੱਸਾ ਸੀ ਅਤੇ ਇੰਗਲੈਂਡ ਲਾਇਨਜ਼ ਵਿਰੁੱਧ ਪਹਿਲੇ ਅਣਅਧਿਕਾਰਤ ਟੈਸਟ ‘ਚ ਹਿੱਸਾ ਲਿਆ ਸੀ।
ਭਾਰਤ ਨੂੰ ਲੀਡਜ਼ ‘ਚ ਖੇਡੇ ਗਏ ਪਹਿਲੇ ਟੈਸਟ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਇੱਕ ਸੂਤਰ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, ‘ਹਰਸ਼ਿਤ ਰਾਣਾ ਨੂੰ ਟੀਮ ਤੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਉਹ ਭਾਰਤੀ ਟੀਮ ਨਾਲ ਦੂਜੇ ਟੈਸਟ ਲਈ ਬਰਮਿੰਘਮ ਨਹੀਂ ਗਿਆ ਹੈ। ਹਰਸ਼ਿਤ (Harshit Rana) ਨੇ ਪਿਛਲੇ ਸਾਲ ਆਸਟ੍ਰੇਲੀਆ ਦੌਰੇ ‘ਤੇ ਭਾਰਤੀ ਟੀਮ ਲਈ ਆਪਣਾ ਡੈਬਿਊ ਕੀਤਾ ਸੀ, ਪਰ ਉਸਨੂੰ ਇੰਗਲੈਂਡ ਵਿਰੁੱਧ 18 ਮੈਂਬਰੀ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ ਸੀ। 23 ਸਾਲਾ ਤੇਜ਼ ਗੇਂਦਬਾਜ਼ ਨੇ ਹੁਣ ਤੱਕ ਭਾਰਤ ਲਈ ਦੋ ਟੈਸਟ, ਪੰਜ ਵਨਡੇ ਅਤੇ ਇੱਕ ਟੀ-20 ਮੈਚ ਖੇਡਿਆ ਹੈ।
ਮੁਕੇਸ਼ ਕੁਮਾਰ ਅਤੇ ਅੰਸ਼ੁਲ ਕੰਬੋਜ ਨੂੰ ਇੰਗਲੈਂਡ ਦੇ ਹਾਲਾਤਾਂ ‘ਚ ਹਰਸ਼ਿਤ ਨਾਲੋਂ ਬਿਹਤਰ ਗੇਂਦਬਾਜ਼ ਮੰਨਿਆ ਜਾਂਦਾ ਹੈ, ਪਰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਇਸ ਗੇਂਦਬਾਜ਼ ਨੂੰ ਇਨ੍ਹਾਂ ਦੋਵਾਂ ਨਾਲੋਂ ਤਰਜੀਹ ਮਿਲਣ ‘ਤੇ ਵੀ ਸਵਾਲ ਉਠਾਏ ਗਏ ਸਨ। ਮੰਗਲਵਾਰ ਨੂੰ ਪਹਿਲੇ ਟੈਸਟ ਮੈਚ ‘ਚ ਭਾਰਤ ਦੀ ਹਾਰ ਤੋਂ ਬਾਅਦ ਗੰਭੀਰ ਨੇ ਕਿਹਾ ਸੀ ਕਿ ਮੈਂ ਹਰਸ਼ਿਤ ਰਾਣਾ ਬਾਰੇ ਚੋਣ ਕਮੇਟੀ ਦੇ ਚੇਅਰਮੈਨ ਨਾਲ ਚਰਚਾ ਕਰਾਂਗਾ। ਉਨ੍ਹਾਂ ਨੂੰ ਕੁਝ ਛੋਟੀਆਂ ਸਮੱਸਿਆਵਾਂ ਕਾਰਨ ਰੋਕ ਦਿੱਤਾ ਗਿਆ ਸੀ। ਹੁਣ ਸਭ ਕੁਝ ਠੀਕ ਹੈ। ਮੈਂ ਚਰਚਾ ਕਰਾਂਗਾ ਅਤੇ ਫਿਰ ਅਸੀਂ ਇਸ ‘ਤੇ ਫੈਸਲਾ ਲਵਾਂਗੇ।
Read More: ICC Test Rankings: ਤਾਜ਼ਾ ਬੱਲੇਬਾਜ਼ਾਂ ਦੀ ਟੈਸਟ ਰੈਂਕਿੰਗ ‘ਚ ਰਿਸ਼ਭ ਪੰਤ ਨੂੰ ਮਿਲਿਆ ਫਾਇਦਾ