ਚੰਡੀਗੜ੍ਹ, 5 ਮਾਰਚ 2024: 7 ਮਾਰਚ ਨੂੰ ਆਪਣੇ ਕਰੀਅਰ ਦਾ 100ਵਾਂ ਮੈਚ ਖੇਡਣ ਜਾ ਰਹੇ ਇਸ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਕਿਹਾ ਕਿ ਇੰਗਲੈਂਡ ਖ਼ਿਲਾਫ਼ 2012 ਦੀ ਸੀਰੀਜ਼ ਉਨ੍ਹਾਂ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਲੜੀ ਨੇ ਉਸ ਨੂੰ ਆਪਣੀਆਂ ਗਲਤੀਆਂ ਦੀ ਪਛਾਣ ਕਰਨ ਅਤੇ ਸੁਧਾਰਨ ਵਿਚ ਮੱਦਦ ਕੀਤੀ।
ਭਾਰਤੀ ਟੀਮ ਨੇ ਇੰਗਲੈਂਡ ਖ਼ਿਲਾਫ਼ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ‘ਚ 3-1 ਦੀ ਜੇਤੂ ਬੜ੍ਹਤ ਬਣਾ ਲਈ ਹੈ। ਚੌਥੇ ਮੈਚ ਵਿੱਚ ਭਾਰਤ ਨੇ ਬੇਨ ਸਟੋਕਸ ਦੀ ਅਗਵਾਈ ਵਾਲੀ ਟੀਮ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ । ਹੁਣ ਭਾਰਤੀ ਟੀਮ ਦੀ ਨਜ਼ਰ ਪੰਜਵੇਂ ਟੈਸਟ ‘ਤੇ ਹੈ। ਧਰਮਸ਼ਾਲਾ ‘ਚ ਹੋਣ ਵਾਲਾ ਇਹ ਮੈਚ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਲਈ ਖਾਸ ਹੋਣ ਵਾਲਾ ਹੈ।ਅਸ਼ਵਿਨ ਹੁਣ 7 ਮਾਰਚ ਨੂੰ ਆਪਣੇ ਕਰੀਅਰ ਦਾ 100ਵਾਂ ਮੈਚ ਖੇਡਣਗੇ।
ਭਾਰਤ ਲਈ 99 ਟੈਸਟ ਮੈਚ ਖੇਡ ਚੁੱਕੇ ਇਸ ਸਟਾਰ ਗੇਂਦਬਾਜ਼ (Ravichandran Ashwin) ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, “ਇੰਗਲੈਂਡ ਦੇ ਖਿਲਾਫ 2012 ਦੀ ਸੀਰੀਜ਼ ਮੇਰੇ ਲਈ ਇੱਕ ਮੋੜ ਸੀ। ਇਸ ਨੇ ਮੈਨੂੰ ਦੱਸਿਆ ਕਿ ਮੈਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ।” ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਉਸ ਦੇ ਕਰੀਅਰ ਦਾ 100ਵਾਂ ਟੈਸਟ ਉਸ ਲਈ ਖਾਸ ਹੈ। ਅਸ਼ਵਿਨ ਨੇ ਅੱਗੇ ਕਿਹਾ, “ਇਹ ਇੱਕ ਵੱਡਾ ਮੌਕਾ ਹੈ। ਸਫ਼ਰ ਮੰਜ਼ਿਲ ਤੋਂ ਜ਼ਿਆਦਾ ਖਾਸ ਰਿਹਾ ਹੈ। ਇਸ ਕਾਰਨ ਮੇਰੀ ਤਿਆਰੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਸਾਨੂੰ ਟੈਸਟ ਮੈਚ ਜਿੱਤਣਾ ਹੋਵੇਗਾ।”
2011 ਵਿੱਚ ਭਾਰਤ ਲਈ ਆਪਣਾ ਟੈਸਟ ਡੈਬਿਊ ਕਰਨ ਵਾਲੇ ਅਸ਼ਵਿਨ ਨੇ ਰਾਜਕੋਟ ਟੈਸਟ ਦੌਰਾਨ 500 ਟੈਸਟ ਵਿਕਟਾਂ ਪੂਰੀਆਂ ਕੀਤੀਆਂ ਸਨ। ਅਜਿਹਾ ਕਰਨ ਵਾਲਾ ਉਹ ਭਾਰਤ ਦਾ ਦੂਜਾ ਗੇਂਦਬਾਜ਼ ਬਣ ਗਿਆ। ਉਨ੍ਹਾਂ ਤੋਂ ਪਹਿਲਾਂ ਸਾਬਕਾ ਕਪਤਾਨ ਅਨਿਲ ਕੁੰਬਲੇ ਨੇ ਇਹ ਉਪਲਬਧੀ ਹਾਸਲ ਕੀਤੀ ਸੀ। ਉਨ੍ਹਾਂ ਦੇ ਨਾਂ 132 ਟੈਸਟਾਂ ‘ਚ 619 ਵਿਕਟਾਂ ਹਨ।