ਸਪੋਰਟਸ, 24 ਜੁਲਾਈ 2025: IND ਬਨਾਮ ENG 4th Test Match: ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ ਬੁੱਧਵਾਰ ਤੋਂ ਮੈਨਚੈਸਟਰ ‘ਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲੇ ਦਿਨ ਭਾਰਤ ਨੇ ਪਹਿਲੀ ਪਾਰੀ ‘ਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 264 ਦੌੜਾਂ ਬਣਾਈਆਂ। ਸਟੰਪ ਦੇ ਸਮੇਂ ਰਵਿੰਦਰ ਜਡੇਜਾ 19 ਅਤੇ ਸ਼ਾਰਦੁਲ ਠਾਕੁਰ 19 ਦੌੜਾਂ ਬਣਾ ਕੇ ਕਰੀਜ਼ ‘ਤੇ ਮੌਜੂਦ ਹਨ।
ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਦੀ ਓਪਨਿੰਗ ਜੋੜੀ ਨੇ ਪਹਿਲੀ ਪਾਰੀ ‘ਚ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੇ ਸੈਸ਼ਨ ‘ਚ ਇੰਗਲੈਂਡ ਦੇ ਗੇਂਦਬਾਜ਼ਾਂ ‘ਤੇ ਕਾਬੂ ਰੱਖਿਆ, ਪਰ ਇੰਗਲੈਂਡ ਨੇ ਦੂਜੇ ਸੈਸ਼ਨ ‘ਚ ਵਾਪਸੀ ਕੀਤੀ ਅਤੇ ਭਾਰਤ ਨੂੰ ਪਹਿਲਾ ਝਟਕਾ ਦਿੱਤਾ।
ਕ੍ਰਿਸ ਵੋਕਸ ਨੇ ਕੇਐਲ ਰਾਹੁਲ ਨੂੰ ਜੈਕ ਕਰੌਲੀ ਹੱਥੋਂ ਕੈਚ ਕਰਵਾਇਆ। ਰਾਹੁਲ 98 ਗੇਂਦਾਂ ‘ਚ ਚਾਰ ਚੌਕਿਆਂ ਦੀ ਮੱਦਦ ਨਾਲ 46 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਇਸ ਤੋਂ ਬਾਅਦ ਅੱਠ ਸਾਲ ਬਾਅਦ ਟੈਸਟ ਕ੍ਰਿਕਟ ‘ਚ ਵਾਪਸੀ ਕਰਨ ਵਾਲੇ ਲੀਅਮ ਡਾਸਨ ਨੇ ਯਸ਼ਸਵੀ ਜੈਸਵਾਲ ਨੂੰ ਹੈਰੀ ਬਰੂਕ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਜੈਸਵਾਲ 107 ਗੇਂਦਾਂ ‘ਚ 58 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਇਸ ਦੌਰਾਨ, ਜੈਸਵਾਲ ਨੇ ਆਪਣੇ ਟੈਸਟ ਕਰੀਅਰ ਦਾ 12ਵਾਂ ਅਰਧ ਸੈਂਕੜਾ 96 ਗੇਂਦਾਂ ‘ਚ ਪੂਰਾ ਕੀਤਾ।
ਸਾਈ ਸੁਦਰਸ਼ਨ ਦਾ ਟੈਸਟ ਕਰੀਅਰ ਦਾ ਪਹਿਲਾ ਅਰਧ ਸੈਂਕੜਾ
ਜੈਸਵਾਲ ਤੋਂ ਇਲਾਵਾ, ਸਾਈ ਸੁਦਰਸ਼ਨ ਨੇ ਪਹਿਲੇ ਦਿਨ ਅਰਧ ਸੈਂਕੜਾ ਲਗਾਇਆ। ਇਹ ਸੁਦਰਸ਼ਨ ਦੇ ਟੈਸਟ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਹੈ। ਸਟੋਕਸ ਨੇ ਵੀ ਸੁਦਰਸ਼ਨ ਨੂੰ ਆਪਣਾ ਸ਼ਿਕਾਰ ਬਣਾਇਆ। ਉਹ ਬ੍ਰਾਇਡਨ ਕਾਰਸ ਦੁਆਰਾ ਕੈਚ ਆਊਟ ਹੋ ਗਿਆ। ਸੁਦਰਸ਼ਨ ਨੇ ਇਸ ਦੌਰਾਨ ਸੱਤ ਚੌਕਿਆਂ ਦੀ ਮੱਦਦ ਨਾਲ 151 ਗੇਂਦਾਂ ‘ਚ 61 ਦੌੜਾਂ ਬਣਾਈਆਂ।
ਰਿਸ਼ਭ ਪੰਤ ਦੇ ਲੱਗੀ ਸੱਟ
ਰਿਸ਼ਭ ਪੰਤ ਮੈਨਚੈਸਟਰ ਟੈਸਟ ਦੇ ਪਹਿਲੇ ਦਿਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਸੀ। ਪੰਤ ਦੀ ਸੱਜੇ ਪੈਰ ‘ਚ ਸੱਟ ਲੱਗੀ ਸੀ, ਜਿਸ ਕਾਰਨ ਬਹੁਤ ਜ਼ਿਆਦਾ ਸੋਜ ਹੈ। ਪੰਤ ਦੀ ਪੈਰ ‘ਚੋਂ ਖੂਨ ਵੀ ਨਿਕਲਦਾ ਦਿਖਾਈ ਦੇ ਰਿਹਾ ਸੀ। ਪੰਤ ਖੜ੍ਹਾ ਵੀ ਨਹੀਂ ਹੋ ਰਿਹਾ ਸੀ। ਜ਼ਿਕਰਯੋਗ ਹੈ ਕਿ ਪੰਤ ਨੂੰ ਪਿਛਲੇ ਟੈਸਟ ਮੈਚ ‘ਚ ਵੀ ਸੱਟ ਲੱਗੀ ਸੀ। ਪੰਤ ਨੂੰ ਰਿਟਾਇਰ ਹਰਟ ਕਰਕੇ ਮੈਦਾਨ ਛੱਡਣਾ ਪਿਆ। ਉਨ੍ਹਾਂ ਨੇ 48 ਗੇਂਦਾਂ ‘ਚ 37 ਦੌੜਾਂ ਬਣਾਈਆਂ। ਇਸ ਦੌਰਾਨ ਉਸਦੇ ਬੱਲੇ ਤੋਂ ਦੋ ਚੌਕੇ ਅਤੇ ਇੱਕ ਛੱਕਾ ਨਿਕਲਿਆ।
Read More: IND ਬਨਾਮ ENG: ਯਸ਼ਸਵੀ ਜੈਸਵਾਲ ਨੇ ਟੈਸਟ ਕਰੀਅਰ ਦਾ 12ਵਾਂ ਅਰਧ ਸੈਂਕੜਾ ਜੜਿਆ