ਚੰਡੀਗੜ੍ਹ 01 ਜੁਲਾਈ 2022: ਭਾਰਤ ਅਤੇ ਇੰਗਲੈਂਡ ਵਿਚਾਲੇ ਐਜਬੈਸਟਨ ਟੈਸਟ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਤੋਂ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਦੇ ਕੋਵਿਡ ਪਾਜ਼ੀਟਿਵ ਹੋਣ ਕਾਰਨ ਇਸ ਮੈਚ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਭਾਰਤੀ ਟੀਮ ਦੇ ਕਪਤਾਨ ਹੋਣਗੇ, ਜਦਕਿ ਰਿਸ਼ਭ ਪੰਤ ਨੂੰ ਉਪ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਹ ਮੈਚ ਪਿਛਲੇ ਸਾਲ ਖੇਡੀ ਗਈ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੈਚ ਹੈ, ਜਿਸ ਨੂੰ ਕਈ ਭਾਰਤੀ ਖਿਡਾਰੀਆਂ ਦੇ ਕੋਵਿਡ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਸੀਰੀਜ਼ ਦੇ ਚਾਰ ਮੈਚ ਵਿਰਾਟ ਕੋਹਲੀ ਦੀ ਕਪਤਾਨੀ ‘ਚ ਖੇਡੇ ਗਏ ਹਨ, ਜਿਸ ‘ਚ ਭਾਰਤੀ ਟੀਮ 2-1 ਨਾਲ ਅੱਗੇ ਹੈ ਅਤੇ ਹੁਣ ਬੁਮਰਾਹ (Jasprit Bumrah) ‘ਤੇ ਟੀਮ ਇੰਡੀਆ ਨੂੰ ਇਸ ਟੈਸਟ ਸੀਰੀਜ਼ ‘ਚ ਜਿੱਤ ਦਿਵਾਉਣ ਦੀ ਵੱਡੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਇੰਗਲੈਂਡ ਦੀ ਕਮਾਨ ਨਵੇਂ ਕਪਤਾਨ ਬੇਨ ਸਟੋਕਸ ਦੇ ਹੱਥਾਂ ‘ਚ ਹੋਵੇਗੀ। ਇਸਦੇ ਨਾਲ ਹੀ ਭਾਰਤੀ ਟੀਮ 15 ਸਾਲ ਬਾਅਦ ਇੰਗਲੈਂਡ ‘ਚ ਸੀਰੀਜ਼ ਜਿੱਤਣ ਉਤਰੇਗਾ |