ਸਪੋਰਟਸ, 23 ਜੁਲਾਈ 2025: IND ਬਨਾਮ ENG: ਮੈਨਚੈਸਟਰ ਦੇ ਓਲਡ ਟ੍ਰੈਫੋਰਡ ਸਟੇਡੀਅਮ ‘ਚ ਅੱਜ ਭਾਰਤ ਅਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫੀ ਦਾ ਚੌਥਾ ਅਹਿਮ ਟੈਸਟ ਖੇਡਿਆ ਜਾਣਾ ਹੈ ਜੋ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਭਾਰਤ ਨੇ ਹੁਣ ਤੱਕ ਇਸ ਮੈਦਾਨ ‘ਤੇ ਇੱਕ ਵੀ ਟੈਸਟ ਮੈਚ ਨਹੀਂ ਜਿੱਤਿਆ ਹੈ। ਸੀਰੀਜ਼ ‘ਚ ਬਣੇ ਰਹਿਣ ਲਈ ਭਾਰਤ ਨੂੰ ਜਿੱਤ ਲਾਜ਼ਮੀ ਹੈ|
ਭਾਰਤੀ ਟੀਮ 5 ਟੈਸਟ ਮੈਚਾਂ ਦੀ ਸੀਰੀਜ਼ ‘ਚ 1-2 ਨਾਲ ਪਿੱਛੇ ਹੈ। ਇੰਗਲੈਂਡ ਨੇ ਪਹਿਲਾ ਮੈਚ 5 ਵਿਕਟਾਂ ਨਾਲ ਜਿੱਤਿਆ। ਇਸ ਦੇ ਨਾਲ ਹੀ ਭਾਰਤ ਨੇ ਦੂਜਾ ਟੈਸਟ 336 ਦੌੜਾਂ ਨਾਲ ਜਿੱਤਿਆ। ਇੰਗਲੈਂਡ ਨੇ ਤੀਜਾ ਮੈਚ 22 ਦੌੜਾਂ ਨਾਲ ਜਿੱਤਿਆ ਅਤੇ ਸੀਰੀਜ਼ ‘ਚ ਲੀਡ ਹਾਸਲ ਕਰ ਲਈ।
ਤੀਜੇ ਟੈਸਟ ਤੋਂ 2 ਦਿਨ ਪਹਿਲਾਂ ਸੋਮਵਾਰ ਨੂੰ ਇੰਗਲੈਂਡ ਨੇ ਆਪਣਾ ਪਲੇਇੰਗ ਇਲੈਵਨ ਜਾਰੀ ਕੀਤਾ। ਟੀਮ ‘ਚ ਸਿਰਫ਼ ਇੱਕ ਬਦਲਾਅ ਕੀਤਾ ਗਿਆ। ਖੱਬੇ ਹੱਥ ਦੇ ਸਪਿਨਰ ਲਿਆਮ ਡਾਸਨ ਨੂੰ ਜ਼ਖਮੀ ਸਪਿਨਰ ਸ਼ੋਏਬ ਬਸ਼ੀਰ ਦੀ ਜਗ੍ਹਾ ਮੌਕਾ ਮਿਲਿਆ। ਬਾਕੀ 10 ਖਿਡਾਰੀ ਉਹੀ ਹਨ ਜੋ ਲਾਰਡਜ਼ ਟੈਸਟ ‘ਚ ਖੇਡੇ ਸਨ।
ਭਾਰਤੀ ਟੀਮ ਨੇ 1936 ‘ਚ ਓਲਡ ਟ੍ਰੈਫੋਰਡ ‘ਚ ਪਹਿਲਾ ਟੈਸਟ ਖੇਡਿਆ ਸੀ। ਇਹ ਮੈਚ ਡਰਾਅ ਰਿਹਾ। 1936 ਤੋਂ ਬਾਅਦ 89 ਸਾਲਾਂ ‘ਚ ਭਾਰਤ ਨੇ ਇੱਥੇ 9 ਟੈਸਟ ਖੇਡੇ ਹਨ ਅਤੇ 4 ਹਾਰੇ ਹਨ, ਜਦੋਂ ਕਿ 5 ਮੈਚ ਡਰਾਅ ਹੋਏ ਹਨ।
1932 ਤੋਂ ਲੈ ਕੇ ਹੁਣ ਤੱਕ ਦੋਵਾਂ ਟੀਮਾਂ ਵਿਚਕਾਰ ਕੁੱਲ 139 ਟੈਸਟ ਖੇਡੇ ਗਏ ਹਨ। ਇੰਗਲੈਂਡ ਨੇ ਇਨ੍ਹਾਂ ‘ਚੋਂ 53 ਜਿੱਤੇ ਹਨ, ਜਦੋਂ ਕਿ ਭਾਰਤੀ ਟੀਮ ਨੇ 36 ਮੈਚ ਜਿੱਤੇ ਹਨ। ਇਸ ਦੇ ਨਾਲ ਹੀ 50 ਟੈਸਟ ਡਰਾਅ ਹੋਏ ਹਨ। ਭਾਰਤ ਨੇ ਇੰਗਲੈਂਡ ‘ਚ 70 ਟੈਸਟ ਖੇਡੇ ਹਨ। ਸਿਰਫ਼ 10 ਜਿੱਤੇ ਹਨ, ਪਰ ਟੀਮ ਨੇ ਇੱਥੇ 22 ਟੈਸਟ ਵੀ ਡਰਾਅ ਕੀਤੇ ਹਨ। ਇੰਗਲੈਂਡ ਨੇ 38 ਮੈਚ ਜਿੱਤੇ ਹਨ। ਭਾਰਤ ਨੇ ਆਖਰੀ ਵਾਰ ਸਾਲ 2007 ਵਿੱਚ ਇੰਗਲੈਂਡ ਵਿੱਚ ਇੱਕ ਟੈਸਟ ਸੀਰੀਜ਼ ਜਿੱਤੀ ਸੀ। ਉਦੋਂ ਰਾਹੁਲ ਦ੍ਰਾਵਿੜ ਭਾਰਤ ਦੇ ਕਪਤਾਨ ਸਨ।
ਇਸ ਸੀਰੀਜ਼ ‘ਚ ਭਾਰਤ ਲਈ ਕਪਤਾਨ ਸ਼ੁਭਮਨ ਗਿੱਲ ਇਸ ਸੀਰੀਜ਼ ਅਤੇ ਟੀਮ ਦੋਵਾਂ ਦਾ ਸਭ ਤੋਂ ਵੱਧ ਸਕੋਰਰ ਹਨ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ 13 ਵਿਕਟਾਂ ਨਾਲ ਗੇਂਦਬਾਜ਼ੀ ‘ਚ ਸਿਖਰ ‘ਤੇ ਹੈ।
ਇਸ ਮੈਚ ‘ਤੇ ਮੀਂਹ ਵਿਘਨ ਪਾ ਸਕਦਾ ਹੈ ਅਤੇ 23 ਜੁਲਾਈ ਨੂੰ ਮੈਨਚੈਸਟਰ ‘ਚ 65 ਫੀਸਦੀ, 24 ਜੁਲਾਈ ਨੂੰ 85 ਫੀਸਦੀ ਅਤੇ 27 ਜੁਲਾਈ ਨੂੰ 40 ਫੀਸਦੀ ਮੀਂਹ ਪੈ ਸਕਦਾ ਹੈ। ਇਨ੍ਹਾਂ 5 ਦਿਨਾਂ ਦੌਰਾਨ, ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 12 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
Read More: IND ਬਨਾਮ ENG: ਇੰਗਲੈਂਡ ਖ਼ਿਲਾਫ ਚੌਥੇ ਟੈਸਟ ਲਈ ਭਾਰਤੀ ਟੀਮ ‘ਚ ਹੋਵੇਗਾ ਬਦਲਾਅ ! ਅੰਸ਼ੁਲ ਕੰਬੋਜ਼ ਨੂੰ ਮਿਲ ਸਕਦੈ ਮੌਕਾ