ਚੰਡੀਗੜ੍ਹ, 02 ਫਰਵਰੀ, 2024: ਭਾਰਤ ਅਤੇ ਇੰਗਲੈਂਡ (IND vs ENG) ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਅੱਜ ਤੋਂ ਸ਼ੁਰੂ ਹੋ ਗਿਆ ਹੈ। ਭਾਰਤੀ ਟੀਮ ਫਿਲਹਾਲ 0-1 ਨਾਲ ਪਿੱਛੇ ਹੈ। ਦੂਜਾ ਟੈਸਟ ਵਿਸ਼ਾਖਾਪਟਨਮ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਦੂਜੇ ਟੈਸਟ (IND vs ENG) ਵਿੱਚ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ ਛੇ ਵਿਕਟਾਂ ਗੁਆ ਕੇ 336 ਦੌੜਾਂ ਬਣਾ ਲਈਆਂ ਸਨ। ਯਸ਼ਸਵੀ ਜੈਸਵਾਲ 179 ਦੌੜਾਂ ਅਤੇ ਰਵੀਚੰਦਰਨ ਅਸ਼ਵਿਨ ਪੰਜ ਦੌੜਾਂ ਬਣਾ ਕੇ ਨਾਬਾਦ ਹਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਭਾਰਤ ਦੀ ਸ਼ੁਰੂਆਤ ਚੰਗੀ ਰਹੀ। ਰੋਹਿਤ ਨੇ ਯਸ਼ਸਵੀ ਨਾਲ ਮਿਲ ਕੇ ਪਹਿਲੀ ਵਿਕਟ ਲਈ 40 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ 14 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਯਸ਼ਸਵੀ ਨੇ ਸ਼ੁਭਮਨ ਗਿੱਲ ਨਾਲ ਮਿਲ ਕੇ ਦੂਜੀ ਵਿਕਟ ਲਈ 49 ਦੌੜਾਂ ਦੀ ਸਾਂਝੇਦਾਰੀ ਕੀਤੀ।
ਸ਼ੁਭਮਨ ਇਕ ਵਾਰ ਫਿਰ ਫਲਾਪ ਰਹੇ ਅਤੇ 34 ਦੌੜਾਂ ਬਣਾ ਕੇ ਆਊਟ ਹੋ ਗਏ। ਗਿੱਲ ਨੇ ਆਪਣੀ ਪਾਰੀ ਵਿੱਚ ਪੰਜ ਚੌਕੇ ਜੜੇ। ਸ਼੍ਰੇਅਸ ਅਈਅਰ 27 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ। ਆਊਟ ਹੋਣ ਤੋਂ ਪਹਿਲਾਂ ਸ਼੍ਰੇਅਸ ਨੇ ਯਸ਼ਸਵੀ ਨਾਲ 90 ਦੌੜਾਂ ਦੀ ਸਾਂਝੇਦਾਰੀ ਕੀਤੀ। ਟੈਸਟ ਡੈਬਿਊ ਕਰਨ ਵਾਲੇ ਰਜਤ ਪਾਟੀਦਾਰ ਨੇ 32 ਦੌੜਾਂ ਦੀ ਪਾਰੀ ਖੇਡੀ ਅਤੇ ਬਦਕਿਸਮਤੀ ਨਾਲ ਆਊਟ ਹੋ ਗਿਆ। ਉਸ ਨੇ ਯਸ਼ਸਵੀ ਨਾਲ 70 ਦੌੜਾਂ ਦੀ ਸਾਂਝੇਦਾਰੀ ਕੀਤੀ। ਫਿਰ ਯਸ਼ਸਵੀ ਨੇ ਅਕਸ਼ਰ ਨਾਲ 52 ਦੌੜਾਂ ਦੀ ਸਾਂਝੇਦਾਰੀ ਕੀਤੀ। ਅਕਸ਼ਰ ਨੇ 27 ਦੌੜਾਂ ਬਣਾਈਆਂ।
ਉਥੇ ਹੀ ਸ਼੍ਰੀਕਰ ਭਰਤ 17 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਫਿਲਹਾਲ ਯਸ਼ਸਵੀ ਨੇ 179 ਦੌੜਾਂ ਦੀ ਆਪਣੀ ਪਾਰੀ ‘ਚ 17 ਚੌਕੇ ਅਤੇ ਪੰਜ ਛੱਕੇ ਲਗਾਏ ਹਨ। ਭਾਰਤੀ ਟੀਮ ਸ਼ਨੀਵਾਰ ਨੂੰ 400+ ਦੌੜਾਂ ਬਣਾਉਣਾ ਚਾਹੇਗੀ। ਇੰਗਲੈਂਡ ਲਈ ਹੁਣ ਤੱਕ ਸ਼ੋਏਬ ਬਸ਼ੀਰ ਅਤੇ ਰੇਹਾਨ ਅਹਿਮਦ ਨੇ ਦੋ-ਦੋ ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਜੇਮਸ ਐਂਡਰਸਨ ਅਤੇ ਟਾਮ ਹਾਰਟਲੇ ਨੂੰ ਇਕ-ਇਕ ਵਿਕਟ ਮਿਲੀ ਹੈ।