ਚੰਡੀਗੜ੍ਹ, 16 ਫਰਵਰੀ 2024: ਭਾਰਤ ਅਤੇ ਇੰਗਲੈਂਡ (IND vs ENG) ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਰਾਜਕੋਟ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅੱਜ ਮੈਚ ਦਾ ਦੂਜਾ ਦਿਨ ਹੈ ਅਤੇ ਭਾਰਤੀ ਟੀਮ ਦੀ ਪਹਿਲੀ ਪਾਰੀ 445 ਦੌੜਾਂ ‘ਤੇ ਸਮਾਪਤ ਹੋ ਗਈ। ਫਿਲਹਾਲ ਇੰਗਲੈਂਡ ਦੀ ਪਹਿਲੀ ਪਾਰੀ ਚੱਲ ਰਹੀ ਹੈ।
ਅੱਜ ਭਾਰਤ ਨੇ ਪੰਜ ਵਿਕਟਾਂ ’ਤੇ 326 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ 119 ਦੌੜਾਂ ਜੋੜਨ ਲਈ ਬਾਕੀ ਦੀਆਂ ਪੰਜ ਵਿਕਟਾਂ ਗੁਆ ਲਈਆਂ। ਪਹਿਲੇ ਅੱਧੇ ਘੰਟੇ ਵਿੱਚ ਭਾਰਤੀ ਟੀਮ ਨੇ ਕੁਲਦੀਪ ਯਾਦਵ (4) ਅਤੇ ਰਵਿੰਦਰ ਜਡੇਜਾ (112) ਦੀਆਂ ਵਿਕਟਾਂ ਗੁਆ ਦਿੱਤੀਆਂ।
ਇਸ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਨੇ ਧਰੁਵ ਜੁਰੇਲ ਨਾਲ ਅੱਠਵੀਂ ਵਿਕਟ ਲਈ 77 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੂੰ ਰੇਹਾਨ ਅਹਿਮਦ ਨੇ ਤੋੜਿਆ। ਉਸ ਨੇ ਪਹਿਲਾਂ ਅਸ਼ਵਿਨ (37) ਅਤੇ ਫਿਰ ਧਰੁਵ ਜੁਰੇਲ (46) ਨੂੰ ਪੈਵੇਲੀਅਨ ਭੇਜਿਆ। ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਸਿਰਾਜ ਨਾਲ 10ਵੀਂ ਵਿਕਟ ਲਈ 30 ਦੌੜਾਂ ਜੋੜੀਆਂ। ਵੁੱਡ ਨੇ ਬੁਮਰਾਹ ਨੂੰ ਆਊਟ ਕਰਕੇ ਭਾਰਤੀ ਪਾਰੀ ਨੂੰ 445 ਦੌੜਾਂ ‘ਤੇ ਸਮਾਪਤ ਕਰ ਦਿੱਤਾ। ਇੰਗਲੈਂਡ ਲਈ ਵੁੱਡ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਜਦਕਿ ਰੇਹਾਨ ਨੇ ਦੋ ਵਿਕਟਾਂ ਹਾਸਲ ਕੀਤੀਆਂ। ਜੇਮਸ ਐਂਡਰਸਨ, ਟਾਮ ਹਾਰਟਲੇ ਅਤੇ ਜੋ ਰੂਟ ਨੂੰ ਇਕ-ਇਕ ਵਿਕਟ ਮਿਲੀਆਂ ਹਨ । ਫਿਲਹਾਲ ਸੀਰੀਜ਼ (IND vs ENG) 1-1 ਨਾਲ ਬਰਾਬਰ ਹੈ।