ਚੰਡੀਗੜ੍ਹ, 03 ਫਰਵਰੀ 2024: (IND vs ENG) ਯਸ਼ਸਵੀ ਜੈਸਵਾਲ ਦੀ 209 ਦੌੜਾਂ ਅਤੇ ਜਸਪ੍ਰੀਤ ਬੁਮਰਾਹ 6 ਵਿਕਟਾਂ ਦੇ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਟੈਸਟ ਸੀਰੀਜ਼ ਦੇ ਦੂਜੇ ਮੈਚ ‘ਚ ਇੰਗਲੈਂਡ ‘ਤੇ 171 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਭਾਰਤੀ ਟੀਮ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਦੂਜੀ ਪਾਰੀ ਵਿੱਚ ਬਿਨਾਂ ਕੋਈ ਵਿਕਟ ਗੁਆਏ 28 ਦੌੜਾਂ ਬਣਾ ਲਈਆਂ ਹਨ। ਕਪਤਾਨ ਰੋਹਿਤ ਸ਼ਰਮਾ 13 ਅਤੇ ਯਸ਼ਸਵੀ ਜੈਸਵਾਲ 15 ਦੌੜਾਂ ਬਣਾ ਕੇ ਨਾਬਾਦ ਹਨ।
ਭਾਰਤ ਨੇ ਸ਼ਨੀਵਾਰ ਨੂੰ ਵਿਸ਼ਾਖਾਪਟਨਮ ਦੇ ਡਾਕਟਰ ਵਾਈਐਸ ਰਾਜਸ਼ੇਖਰ ਸਟੇਡੀਅਮ ਵਿੱਚ 336/6 ਦੇ ਸਕੋਰ ਨਾਲ ਪਹਿਲੀ ਪਾਰੀ ਦੀ ਸ਼ੁਰੂਆਤ ਕੀਤੀ ਅਤੇ 396 ਦੌੜਾਂ ‘ਤੇ ਆਲ ਆਊਟ ਹੋ ਗਈ। ਫਿਰ ਭਾਰਤੀ ਗੇਂਦਬਾਜ਼ਾਂ ਨੇ ਇੰਗਲੈਂਡ (IND vs ENG) ਨੂੰ ਪਹਿਲੀ ਪਾਰੀ ‘ਚ 253 ਦੌੜਾਂ ‘ਤੇ ਪਵੇਲੀਅਨ ਭੇਜ ਦਿੱਤਾ। ਇਸ ਤਰ੍ਹਾਂ ਭਾਰਤ ਨੂੰ ਪਹਿਲੀ ਪਾਰੀ ਤੋਂ ਬਾਅਦ 143 ਦੌੜਾਂ ਦੀ ਬੜ੍ਹਤ ਮਿਲ ਗਈ। ਭਾਰਤ ਲਈ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਪਹਿਲੀ ਪਾਰੀ ‘ਚ 209 ਦੌੜਾਂ ਬਣਾਈਆਂ, ਜਦਕਿ ਜਸਪ੍ਰੀਤ ਬੁਮਰਾਹ ਨੇ 6 ਵਿਕਟਾਂ ਲਈਆਂ।