ਇੰਗਲੈਂਡ, 20 ਜੂਨ 2025: IND ਬਨਾਮ ENG 1st Test Match: ਅੱਜ ਤੋਂ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਲੀਡਜ਼ ‘ਚ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਇਸ ਟੈਸਟ ਮੈਚ ਲਈ ਟਾਸ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 3 ਵਜੇ ਹੋਵੇਗਾ। ਇਸ ਟੈਸਟ ਦੇ ਨਾਲ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਆਪਣੀ ਵਿਸ਼ਵ ਟੈਸਟ ਚੈਂਪੀਅਨਸ਼ਿਪ 2025-27 ਚੱਕਰ ਦੀ ਸ਼ੁਰੂਆਤ ਕਰਨਗੀਆਂ।
ਜਿੱਥੇ ਨੌਜਵਾਨ ਸ਼ੁਭਮਨ ਗਿੱਲ ਭਾਰਤੀ ਟੀਮ ਦੀ ਅਗਵਾਈ ਕਰਨਗੇ, ਉੱਥੇ ਹੀ ਤਜਰਬੇਕਾਰ ਆਲਰਾਊਂਡਰ ਬੇਨ ਸਟੋਕਸ ਇੰਗਲੈਂਡ ਦੀ ਕਪਤਾਨੀ ਕਰਨਗੇ। ਇੰਗਲੈਂਡ ਦੀ ਟੀਮ ਨੇ ਬੁੱਧਵਾਰ ਨੂੰ ਹੀ ਪਲੇਇੰਗ-11 ਦਾ ਐਲਾਨ ਕਰ ਦਿੱਤਾ ਸੀ। ਭਾਰਤੀ ਟੀਮ ਟਾਸ ਤੋਂ ਠੀਕ ਪਹਿਲਾਂ ਇਸਦਾ ਐਲਾਨ ਕਰੇਗੀ। ਭਾਰਤੀ ਪਲੇਇੰਗ-11 ਦੇ ਅੱਠ ਖਿਡਾਰੀ ਲਗਭਗ ਤੈਅ ਹੋ ਚੁੱਕੇ ਹਨ, ਜਦੋਂ ਕਿ ਟੀਮ ਪ੍ਰਬੰਧਨ ਅਤੇ ਮੁੱਖ ਕੋਚ ਗੌਤਮ ਗੰਭੀਰ ਨੂੰ ਤਿੰਨ ਸਥਾਨਾਂ ਬਾਰੇ ਸੋਚ-ਵਿਚਾਰ ਕਰਨੀ ਪਵੇਗੀ। ਇਨ੍ਹਾਂ ਸਥਾਨਾਂ ਲਈ ਸਾਈ ਸੁਦਰਸ਼ਨ, ਕਰੁਣ ਨਾਇਰ, ਨਿਤੀਸ਼ ਰੈੱਡੀ, ਸ਼ਾਰਦੁਲ ਠਾਕੁਰ ਅਤੇ ਕੁਲਦੀਪ ਯਾਦਵ ਵਿਚਕਾਰ ਲੜਾਈ ਹੈ।
ਭਾਰਤੀ ਲਈ ਯਸ਼ਸਵੀ ਜੈਸਵਾਲ ਸਭ ਤੋਂ ਵੱਧ ਸਕੋਰਰ
ਭਾਰਤੀ ਟੀਮ ਦੇ ਓਪਨਰ ਯਸ਼ਸਵੀ ਜੈਸਵਾਲ ਨੇ ਪਿਛਲੇ ਇੱਕ ਸਾਲ ‘ਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਜੈਸਵਾਲ ਨੇ 10 ਮੈਚਾਂ ‘ਚ 40.52 ਦੀ ਔਸਤ ਨਾਲ 770 ਦੌੜਾਂ ਬਣਾਈਆਂ ਹਨ। ਉਨ੍ਹਾਂ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਨੇ 10 ਮੈਚਾਂ ‘ਚ 677 ਦੌੜਾਂ ਬਣਾਈਆਂ ਹਨ। ਪੰਤ ਨੇ ਇੱਕ ਸੈਂਕੜਾ ਅਤੇ 4 ਅਰਧ ਸੈਂਕੜੇ ਵੀ ਲਗਾਏ ਹਨ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਕੇਐਲ ਰਾਹੁਲ ਅਤੇ ਕਪਤਾਨ ਸ਼ੁਭਮਨ ਗਿੱਲ ‘ਤੇ ਹੋਣਗੀਆਂ।
ਲੀਡਜ਼ ਮੈਦਾਨ ਦੀ ਪਿੱਚ ਰਿਪੋਰਟ
ਇਸ ਵਾਰ ਟੈਸਟ ਸੀਰੀਜ਼ (IND ਬਨਾਮ ENG) ਲੀਡਜ਼ ਦੇ ਹੈਡਿੰਗਲੇ ਮੈਦਾਨ ‘ਤੇ ਸ਼ੁਰੂ ਹੋ ਰਹੀ ਹੈ, ਜੋ ਕਿ ਆਮ ਤੌਰ ‘ਤੇ ਇੰਗਲੈਂਡ ਦੌਰੇ ਦਾ ਤੀਜਾ ਟੈਸਟ ਹੁੰਦਾ ਹੈ। ਇਸ ਵਾਰ ਇੱਥੇ ਮੌਸਮ ਵੀ ਵੱਖਰਾ ਹੈ। ਫਰਵਰੀ ਤੋਂ ਬਾਅਦ ਇੱਥੇ ਮੀਂਹ ਨਹੀਂ ਪਿਆ ਹੈ ਅਤੇ ਮੈਦਾਨ ਪੂਰੀ ਤਰ੍ਹਾਂ ਸੁੱਕਾ ਹੈ। ਇਸ ਕਾਰਨ ਪਿੱਚ ਦੀ ਤਿਆਰੀ ਵੀ ਵੱਖਰੇ ਢੰਗ ਨਾਲ ਕੀਤੀ ਹੈ।
ਲੀਡਜ਼ ਦੇ ਪਿੱਚ ਕਿਊਰੇਟਰ ਰਿਚਰਡ ਰੌਬਿਨਸਨ ਨੇ ਕ੍ਰਿਕਇਨਫੋ ਨੂੰ ਦੱਸਿਆ ਕਿ ਪਹਿਲੇ ਦਿਨ ਕੁਝ ਸਵਿੰਗ ਜਾਂ ਸੀਮ ਮੂਵਮੈਂਟ ਜ਼ਰੂਰ ਮਿਲ ਸਕਦੀ ਹੈ, ਪਰ ਉਸ ਤੋਂ ਬਾਅਦ ਇਹ ਪਿੱਚ ਫਲੈਟ ਹੋ ਜਾਵੇਗੀ। ਇਸ ਨਾਲ ਬੱਲੇਬਾਜ਼ਾਂ ਨੂੰ ਵੀ ਮੱਦਦ ਮਿਲੇਗੀ। ਹੁਣ ਤੱਕ ਹੈਡਿੰਗਲੇ ‘ਚ 81 ਟੈਸਟ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 29 ਅਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ 34 ਮੈਚ ਜਿੱਤੇ ਅਤੇ 18 ਮੈਚ ਡਰਾਅ ‘ਤੇ ਖਤਮ ਹੋਏ ਹਨ।
ਲੀਡਜ਼ ‘ਚ ਕਿਹੋ ਜਿਹਾ ਰਹੇਗਾ ਮੌਸਮ
ਲੀਡਜ਼ ‘ਚ ਪਹਿਲੇ ਦਿਨ ਯਾਨੀ 20 ਜੂਨ ਨੂੰ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਪਰ ਦੂਜੇ ਦਿਨ ਯਾਨੀ 21 ਜੂਨ ਨੂੰ ਮੀਂਹ ਪੈਣ ਦੀ 66 ਫ਼ੀਸਦ ਸੰਭਾਵਨਾ ਹੈ। 22 ਜੂਨ ਨੂੰ ਵੀ ਮੀਂਹ ਪੈਣ ਦੀ 61 ਫ਼ੀਸਦ ਸੰਭਾਵਨਾ ਹੈ। ਇਸ ਤੋਂ ਬਾਅਦ ਚੌਥੇ ਦਿਨ ਧੁੱਪ ਨਿਕਲਣ ਦੀ ਸੰਭਾਵਨਾ ਹੈ। ਪੰਜਵੇਂ ਦਿਨ ਫਿਰ ਮੀਂਹ ਪੈਂਦਾ ਹੈ। ਪਹਿਲੇ ਦਿਨ ਤਾਪਮਾਨ 30 ਡਿਗਰੀ ਤੱਕ ਪਹੁੰਚ ਸਕਦਾ ਹੈ।