ਚੰਡੀਗੜ੍ਹ, 14 ਮਾਰਚ 2025: IND vs ENG Test: ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਦੇ ਜੂਨ ‘ਚ ਭਾਰਤ ਵਿਰੁੱਧ ਟੈਸਟ ਸੀਰੀਜ਼ ‘ਚ ਖੇਡਣ ਦੀ ਸੰਭਾਵਨਾ ਨਹੀਂ ਹੈ। ਭਾਰਤੀ ਟੀਮ ਆਈਪੀਐਲ 2025 ਤੋਂ ਬਾਅਦ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਇੰਗਲੈਂਡ ਦਾ ਦੌਰਾ ਕਰੇਗੀ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਨੇ ਪੁਸ਼ਟੀ ਕੀਤੀ ਹੈ ਕਿ ਗੋਡੇ ਦੀ ਸੱਟ ਕਾਰਨ ਵੁੱਡ ਚਾਰ ਮਹੀਨਿਆਂ ਤੱਕ ਕ੍ਰਿਕਟ ਤੋਂ ਬਾਹਰ ਰਹੇਗਾ। ਵੁੱਡ ਨੇ ਇਸ ਹਫ਼ਤੇ ਗੋਡੇ ਦੀ ਸਰਜਰੀ ਕਰਵਾਈ।
ਵੁੱਡ ਨੂੰ ਚੈਂਪੀਅਨਜ਼ ਟਰਾਫੀ ਦੌਰਾਨ ਅਫਗਾਨਿਸਤਾਨ ਖ਼ਿਲਾਫ਼ ਮੈਚ ਦੌਰਾਨ ਗੋਡੇ ਦੀ ਸੱਟ ਲੱਗ ਗਈ ਸੀ। ਅੱਠ ਓਵਰ ਗੇਂਦਬਾਜ਼ੀ ਕਰਨ ਤੋਂ ਬਾਅਦ, ਉਹ ਗੇਂਦਬਾਜ਼ੀ ਜਾਰੀ ਨਹੀਂ ਰੱਖ ਸਕਿਆ ਅਤੇ ਦੱਖਣੀ ਅਫਰੀਕਾ ਵਿਰੁੱਧ ਟੀਮ ਦੇ ਆਖਰੀ ਲੀਗ ਮੈਚ ਤੋਂ ਬਾਹਰ ਹੋ ਗਿਆ। ਭਾਰਤ 20 ਜੂਨ ਤੋਂ 4 ਅਗਸਤ ਤੱਕ ਪੰਜ ਮੈਚਾਂ ਦੀ ਟੈਸਟ ਲੜੀ ਖੇਡੇਗਾ ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) 2025-27 ਚੱਕਰ ਦਾ ਹਿੱਸਾ ਹੋਵੇਗੀ।
ਈਸੀਬੀ ਵੱਲੋਂ ਜਾਰੀ ਇੱਕ ਬਿਆਨ ‘ਚ ਵੁੱਡ ਨੇ ਕਿਹਾ, “ਪਿਛਲੇ ਸਾਲ ਦੀ ਸ਼ੁਰੂਆਤ ਤੋਂ ਤਿੰਨੋਂ ਫਾਰਮੈਟਾਂ ‘ਚ ਇੰਗਲੈਂਡ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਇੰਨੇ ਲੰਬੇ ਸਮੇਂ ਲਈ ਬਾਹਰ ਰਹਿਣਾ ਨਿਰਾਸ਼ਾਜਨਕ ਹੈ।” ਪਰ ਮੈਨੂੰ ਵਿਸ਼ਵਾਸ ਹੈ ਕਿ ਮੈਂ ਇੱਕ ਮਜ਼ਬੂਤ ਵਾਪਸੀ ਕਰਾਂਗਾ। ਮੈਂ ਟੀਮ ਨਾਲ ਜੁੜਨ ਅਤੇ ਸਾਡੀ ਜਿੱਤ ‘ਚ ਯੋਗਦਾਨ ਪਾਉਣ ਲਈ ਬੇਸਬਰੀ ਨਾਲ ਉਤਸੁਕ ਹਾਂ।