IND vs BAN

IND vs BAN: ਭਾਰਤ-ਬੰਗਲਾਦੇਸ਼ ਵਿਚਾਲੇ ਭਲਕੇ ਦੂਜਾ ਟੈਸਟ ਮੈਚ, ਟੁੱਟਣਗੇ ਇਹ ਵੱਡੇ ਰਿਕਾਰਡ ?

ਚੰਡੀਗੜ੍ਹ, 26 ਸਤੰਬਰ 2024: (IND vs BAN 2nd Test match Live) ਭਲਕੇ ਯਾਨੀ 27 ਸਤੰਬਰ ਤੋਂ ਭਾਰਤੀ ਟੀਮ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਬੰਗਲਾਦੇਸ਼ ਖ਼ਿਲਾਫ ਦੂਜਾ ਟੈਸਟ ਮੈਚ ਖੇਡੇਗੀ। ਦੋਵਾਂ ਟੀਮਾਂ ਨੇ ਕਾਨਪੁਰ ਪਹੁੰਚ ਕੇ ਟਰੇਨਿੰਗ ਸੈਸ਼ਨ ‘ਚ ਹਿੱਸਾ ਲਿਆ ਹੈ । ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਬੰਗਲਾਦੇਸ਼ ਖ਼ਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ।

ਭਰਤੀ ਟੀਮ ਨੇ ਚੇਨਈ ਦੇ ਚੇਪੌਕ ਸਟੇਡੀਅਮ ‘ਚ ਪਹਿਲਾ ਟੈਸਟ 280 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ​​ਦੇ ਚੱਕਰ ‘ਚ ਸਿਖਰਲੇ ਸਥਾਨ ‘ਤੇ ਆਪਣੀ ਸਥਿਤੀ ਮਜ਼ਬੂਤ ​​ਕਰ ਲਈ ਹੈ। ਹੁਣ ਦੂਜਾ ਟੈਸਟ ਮੈਚ (IND vs BAN) ਜਿੱਤਣ ਤੋਂ ਬਾਅਦ ਭਾਰਤੀ ਟੀਮ ਬੰਗਲਾਦੇਸ਼ ਨੂੰ ਕਲੀਨ ਸਵੀਪ ਕਰਨ ਲਈ ਉਤਰੇਗੀ। ਕਾਨਪੁਰ 2021 ਤੋਂ ਬਾਅਦ ਪਹਿਲੀ ਵਾਰ ਕਿਸੇ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ। 2021 ‘ਚ ਨਿਊਜ਼ੀਲੈਂਡ ਨੇ ਇੱਕ ਰੋਮਾਂਚਕ ਮੈਚ ‘ਚ ਭਾਰਤ ਖ਼ਿਲਾਫ ਡਰਾਅ ਖੇਡਿਆ।

ਦੂਜੇ ਟੈਸਟ ਮੈਚ ‘ਚ ਭਾਰਤ ਕੋਲ ਨਵਾਂ ਰਿਕਾਰਡ ਕਾਇਮ ਕਰਨ ਦਾ ਮੌਕਾ ਹੈ ਅਤੇ ਭਾਰਤ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਕੋਲ ਵੀ ਰਿਕਾਰਡ ਬਣਾਉਣ ਦਾ ਮੌਕਾ ਹੈ | ਭਾਰਤ ਕੋਲ ਸਭ ਤੋਂ ਵੱਧ ਟੈਸਟ ਜਿੱਤਣ ਦੇ ਮਾਮਲੇ ‘ਚ ਦੱਖਣੀ ਅਫਰੀਕਾ ਨੂੰ ਪਿੱਛੇ ਛੱਡਣ ਦਾ ਮੌਕਾ ਹੈ। ਭਾਰਤੀ ਟੀਮ ਨੇ ਹੁਣ ਤੱਕ 580 ‘ਚੋਂ 179 ਮੈਚ ਜਿੱਤੇ ਹਨ, ਦੱਖਣੀ ਅਫਰੀਕਾ ਨੇ ਵੀ 179 ਹੀ ਟੈਸਟ ਜਿੱਤੇ ਹਨ। ਕਾਨਪੁਰ ਟੈਸਟ ਜਿੱਤ ਕੇ ਭਾਰਤ 180 ਜਿੱਤਾਂ ਨਾਲ ਦੱਖਣੀ ਅਫਰੀਕਾ ਨੂੰ ਪਛਾੜ ਦੇਵੇਗਾ।

ਜੇਕਰ ਬਾਹਰਤੀ ਟੀਮ ਦੂਜਾ ਟੈਸਟ ਮੈਚ ਜਿੱਤ ਜਾਂਦੀ ਹੈ ਤਾਂ ਟੀਮ ਟੈਸਟ ‘ਚ ਚੌਥੀ ਸਭ ਤੋਂ ਸਫਲ ਟੀਮ ਬਣ ਜਾਵੇਗੀ। ਇਸ ਸੂਚੀ ‘ਚ 414 ਜਿੱਤਾਂ ਨਾਲ ਆਸਟਰੇਲੀਆ ਪਹਿਲੇ ਸਥਾਨ ‘ਤੇ ਹੈ | ਇਸਦੇ ਨਾਲ ਹੀ ਇੰਗਲੈਂਡ 397 ਜਿੱਤਾਂ ਨਾਲ ਦੂਜੇ ਸਥਾਨ, 183 ਜਿੱਤਾਂ ਨਾਲ ਵੈਸਟਇੰਡੀਜ਼ ਤੀਜੇ ਸਥਾਨ ‘ਤੇ ਹੈ | ਇਸਤੋਂ ਬਾਅਦ 179 ਜਿੱਤਾਂ ਨਾਲ ਭਾਰਤੀ ਟੀਮ ਹੈ |

ਰਿਕਾਰਡ ਦੇ ਗੱਲ ਕਰੀਏ ਤਾਂ ਭਾਰਤ ਨੇ ਬੰਗਲਾਦੇਸ਼ ਖ਼ਿਲਾਫ 14 ‘ਚੋਂ 12 ਟੈਸਟ ਜਿੱਤੇ ਹਨ, ਜਦਕਿ 2 ਮੈਚ ਡਰਾਅ ਰਹੇ ਹਨ। ਦੱਖਣੀ ਅਫਰੀਕਾ ਅਤੇ ਪਾਕਿਸਤਾਨ ਨੇ ਵੀ ਬੰਗਲਾਦੇਸ਼ ਨੂੰ ਸਿਰਫ 12-12 ਟੈਸਟ ਹੀ ਹਰਾਇਆ ਹੈ। ਕਾਨਪੁਰ ਟੈਸਟ ਜਿੱਤਣ ਤੋਂ ਬਾਅਦ ਭਾਰਤੀ ਟੀਮ ਸਭ ਤੋਂ ਜ਼ਿਆਦਾ ਬੰਗਲਾਦੇਸ਼ ਨੂੰ ਹਰਾਉਣ ਵਾਲੀਆਂ ਟੀਮਾਂ ‘ਚ ਚੌਥੇ ਸਥਾਨ ‘ਤੇ ਪਹੁੰਚ ਜਾਵੇਗੀ। ਸ਼੍ਰੀਲੰਕਾ 20 ਜਿੱਤਾਂ ਨਾਲ ਪਹਿਲੇ ਨੰਬਰ ‘ਤੇ ਹੈ। ਜਦੋਂ ਕਿ ਵੈਸਟਇੰਡੀਜ਼ ਅਤੇ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 14-14 ਟੈਸਟਾਂ ‘ਚ ਹਰਾਇਆ ਹੈ।

ਦੂਜੇ ਪਾਸੇ ਵਿਰਾਟ ਕੋਹਲੀ ਵੀ ਅੰਤਰਰਾਸ਼ਟਰੀ ਕ੍ਰਿਕਟ ‘ਚ 27 ਹਜ਼ਾਰ ਦੌੜਾਂ ਦੇ ਕਰੀਬ ਹਨ। ਉਸ ਨੇ ਟੈਸਟ, ਵਨਡੇ ਅਤੇ ਟੀ-20 ਦੇ ਤਿੰਨੋਂ ਫਾਰਮੈਟਾਂ ‘ਚ 534 ਮੈਚਾਂ ‘ਚ 26,965 ਦੌੜਾਂ ਬਣਾਈਆਂ ਹਨ। ਕਾਨਪੁਰ ‘ਚ ਸਿਰਫ਼ 35 ਦੌੜਾਂ ਬਣਾ ਕੇ ਉਹ 27 ਹਜ਼ਾਰ ਕੌਮਾਂਤਰੀ ਦੌੜਾਂ ਬਣਾਉਣ ਵਾਲਾ ਚੌਥਾ ਖਿਡਾਰੀ ਬਣ ਜਾਵੇਗਾ।

ਇਸਦੇ ਨਾਲ ਹੀ ਵਿਰਾਟ ਕੋਹਲੀ 9000 ਟੈਸਟ ਦੌੜਾਂ ਦੇ ਨੇੜੇ ਹਨ। ਉਸ ਦੇ ਨਾਂ ‘ਤੇ ਫਿਲਹਾਲ 114 ਟੈਸਟਾਂ ‘ਚ 8,871 ਦੌੜਾਂ ਹਨ। ਉਹ ਕਾਨਪੁਰ ‘ਚ ਬੰਗਲਾਦੇਸ਼ ਖ਼ਿਲਾਫ਼ 129 ਦੌੜਾਂ ਬਣਾ ਕੇ 9000 ਦੌੜਾਂ ਦਾ ਅੰਕੜਾ ਪਾਰ ਕਰ ਸਕਦਾ ਹੈ। ਕੋਹਲੀ ਚੇਨਈ ਟੈਸਟ ਦੀਆਂ 2 ਪਾਰੀਆਂ ‘ਚ ਸਿਰਫ 6 ਅਤੇ 17 ਦੌੜਾਂ ਹੀ ਬਣਾ ਸਕੇ ਸਨ।

ਜੇਕਰ ਕੋਹਲੀ ਕਾਨਪੁਰ ਟੈਸਟ ‘ਚ 9000 ਦੌੜਾਂ ਦਾ ਅੰਕੜਾ ਪਾਰ ਕਰ ਲੈਂਦੇ ਹਨ ਤਾਂ ਉਹ ਅਜਿਹਾ ਕਰਨ ਵਾਲੇ ਚੌਥੇ ਭਾਰਤੀ ਖਿਡਾਰੀ ਬਣ ਜਾਣਗੇ। ਉਸ ਤੋਂ ਪਹਿਲਾਂ ਸਿਰਫ਼ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਅਤੇ ਸੁਨੀਲ ਗਾਵਸਕਰ ਹੀ ਅਜਿਹਾ ਕਰ ਸਕੇ ਸਨ।

ਵਿਰਾਟ ਕੋਹਲੀ ਦੇ ਨਾਂ 114 ਟੈਸਟਾਂ ‘ਚ 29 ਸੈਂਕੜੇ ਹਨ। ਜੇਕਰ ਉਹ ਬੰਗਲਾਦੇਸ਼ (IND vs BAN) ਦੇ ਖਿਲਾਫ ਇੱਕ ਵੀ ਸੈਂਕੜਾ ਲਗਾ ਲੈਂਦਾ ਹੈ ਤਾਂ ਉਹ ਆਸਟ੍ਰੇਲੀਆ ਦੇ ਮਹਾਨ ਸਰ ਡੋਨਾਲਡ ਬ੍ਰੈਡਮੈਨ ਤੋਂ ਵੀ ਵੱਧ ਸੈਂਕੜੇ ਲਗਾ ਦੇਵੇਗਾ। ਬ੍ਰੈਡਮੈਨ ਦੇ ਨਾਂ 52 ਟੈਸਟ ਮੈਚਾਂ ‘ਚ 29 ਸੈਂਕੜੇ ਹਨ। ਭਾਰਤ ਲਈ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖਿਡਾਰੀਆਂ ‘ਚ ਵਿਰਾਟ ਵੀ ਚੌਥੇ ਸਥਾਨ ‘ਤੇ ਹਨ। ਉਸ ਤੋਂ ਅੱਗੇ ਤੇਂਦੁਲਕਰ, ਦ੍ਰਾਵਿੜ ਅਤੇ ਗਾਵਸਕਰ ਹਨ।

ਇਸਦੇ ਨਾਲ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਂ ਕੌਮਾਂਤਰੀ ਕ੍ਰਿਕਟ ‘ਚ 48 ਸੈਂਕੜੇ ਹਨ। ਜਿਵੇਂ ਹੀ ਉਹ ਕਾਨਪੁਰ ਟੈਸਟ ‘ਚ ਇਕ ਹੋਰ ਸੈਂਕੜਾ ਜੜਦਾ ਹੈ, ਉਹ ਭਾਰਤ ਲਈ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀਆਂ ‘ਚ ਤੀਜੇ ਸਥਾਨ ‘ਤੇ ਪਹੁੰਚ ਜਾਵੇਗਾ। ਫਿਲਹਾਲ ਉਹ ਰਾਹੁਲ ਦ੍ਰਾਵਿੜ ਦੇ ਬਰਾਬਰ ਹੈ।

 

Scroll to Top