ਚੰਡੀਗੜ੍ਹ, 20 ਸਤੰਬਰ 2024: (IND vs BAN) ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦਾ ਅੱਜ ਦੂਜਾ ਦਿਨ ਹੈ | ਇਹ ਮੁਕਾਬਲਾ ਚੇਨਈ ਦੇ ਚੇਪੌਕ ‘ਚ ਖੇਡਿਆ ਜਾ ਰਿਹਾ ਹੈ | ਭਾਰਤੀ ਟੀਮ ਦੀ ਪਹਿਲੀ ਪਾਰੀ 376 ਦੌੜਾਂ ‘ਤੇ ਸਮਾਪਤ ਹੋ ਗਈ ਹੈ । ਰਵੀਚੰਦਰਨ ਅਸ਼ਵਿਨ ਨੇ ਆਪਣੇ ਟੈਸਟ ਕਰੀਅਰ ਦਾ ਛੇਵਾਂ ਸੈਂਕੜਾ ਜੜਿਆ ਹੈ।
ਅੱਜ ਯਾਨੀ ਸ਼ੁੱਕਰਵਾਰ ਨੂੰ ਭਾਰਤੀ ਟੀਮ ਨੇ ਛੇ ਵਿਕਟਾਂ ‘ਤੇ 339 ਦੌੜਾਂ ਤੋਂ ਖੇਡਣਾ ਸ਼ੁਰੂ ਕੀਤਾ ਅਤੇ 37 ਦੌੜਾਂ ਦੇ ਸਕੋਰ ‘ਤੇ ਬਾਕੀ ਦੀਆਂ ਚਾਰ ਵਿਕਟਾਂ ਗੁਆ ਦਿੱਤੀਆਂ। ਭਾਰਤੀ ਟੀਮ ਸ਼ੁੱਕਰਵਾਰ ਨੂੰ ਇਕ ਘੰਟੇ ਤੱਕ ਹੀ ਸੀਮਤ ਰਹੀ। ਭਾਰਤ ਨੂੰ ਦੂਜੇ ਦਿਨ ਪਹਿਲਾ ਝਟਕਾ ਰਵਿੰਦਰ ਜਡੇਜਾ ਦੇ ਰੂਪ ‘ਚ ਲੱਗਾ।
ਜਡੇਜਾ ਨੂੰ ਤਸਕੀਨ ਅਹਿਮਦ ਨੇ ਵਿਕਟਕੀਪਰ ਲਿਟਨ ਦਾਸ ਦੇ ਹੱਥੋਂ ਕੈਚ ਕਰਵਾਇਆ। ਜਡੇਜਾ ਨੇ 86 ਦੌੜਾਂ ਬਣਾਈਆਂ। ਜਡੇਜਾ ਨੇ ਅਸ਼ਵਿਨ ਨਾਲ ਸੱਤਵੀਂ ਵਿਕਟ ਲਈ 199 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਤਸਕੀਨ ਨੇ ਆਕਾਸ਼ ਦੀਪ ਨੂੰ ਆਊਟ ਕੀਤਾ। ਆਕਾਸ਼ ਨੇ 17 ਦੌੜਾਂ ਬਣਾਈਆਂ ਅਤੇ ਅੱਠਵੇਂ ਵਿਕਟ ਲਈ ਅਸ਼ਵਿਨ ਨਾਲ 24 ਦੌੜਾਂ ਦੀ ਸਾਂਝੇਦਾਰੀ ਕੀਤੀ।
ਫਿਰ ਤਸਕੀਨ ਨੇ ਅਸ਼ਵਿਨ ਨੂੰ ਸ਼ਾਂਤੋ ਹੱਥੋਂ ਕੈਚ ਕਰਵਾਇਆ। ਅਸ਼ਵਿਨ ਨੇ 113 ਦੌੜਾਂ ਬਣਾਈਆਂ। ਇਹ ਟੈਸਟ ‘ਚ ਉਨ੍ਹਾਂ ਦਾ ਛੇਵਾਂ ਸੈਂਕੜਾ ਹੈ। ਬੁਮਰਾਹ ਸੱਤ ਦੌੜਾਂ ਬਣਾ ਕੇ ਹਸਨ ਮਹਿਮੂਦ ਦਾ ਸ਼ਿਕਾਰ ਬਣੇ। ਹਸਨ ਨੇ ਵੀਰਵਾਰ ਨੂੰ ਚਾਰ ਵਿਕਟਾਂ ਲਈਆਂ ਸਨ ਅਤੇ ਬੁਮਰਾਹ ਦੀ ਵਿਕਟ ਨਾਲ ਉਸ ਨੇ ਪੰਜ ਵਿਕਟਾਂ ਦਾ ਟੀਚਾ ਪੂਰਾ ਕੀਤਾ।
ਉਨ੍ਹਾਂ ਨੇ ਲਗਾਤਾਰ ਦੋ ਟੈਸਟਾਂ (IND vs BAN) ‘ਚ ਦੋ ਪੰਜ ਵਿਕਟਾਂ ਝਟਕਾਈਆਂ ਹਨ। ਉਹ ਬੰਗਲਾਦੇਸ਼ ਦੇ ਪਹਿਲੇ ਗੇਂਦਬਾਜ਼ ਹਨ, ਜਿਨ੍ਹਾਂ ਨੇ ਭਾਰਤ ਖ਼ਿਲਾਫ ਟੈਸਟ ਮੈਚ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਤਸਕੀਨ ਨੇ ਤਿੰਨ ਵਿਕਟਾਂ ਲਈਆਂ। ਨਾਹਿਦ ਰਾਣਾ ਅਤੇ ਮੇਹਦੀ ਹਸਨ ਮਿਰਾਜ ਨੂੰ ਇਕ-ਇਕ ਵਿਕਟ ਮਿਲੀ।
ਦੂਜੇ ਪਾਸੇ ਬੰਗਲਾਦੇਸ਼ ਦੀ ਟੀਮ ਨੂੰ ਪਾਰੀ ਦੇ ਪਹਿਲੇ ਹੀ ਓਵਰ ਵਿੱਚ ਝਟਕਾ ਲੱਗਾ। ਜਸਪ੍ਰੀਤ ਬੁਮਰਾਹ ਨੇ ਓਵਰ ਦੀ ਆਖਰੀ ਗੇਂਦ ‘ਤੇ ਸ਼ਾਦਮਾਨ ਇਸਲਾਮ ਨੂੰ ਕਲੀਨ ਬੋਲਡ ਕਰ ਦਿੱਤਾ। ਉਹ ਦੋ ਦੌੜਾਂ ਬਣਾ ਸਕਿਆ। ਹੁਣ ਤੱਕ ਬੰਗਲਾਦੇਸ਼ ਦੇ 3 ਖਿਡਾਰੀ ਆਉਟ ਹੋ ਗਏ ਹਨ |
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਛੱਡ ਕੇ ਭਾਰਤ ਦਾ ਸਿਖਰਲਾ ਕ੍ਰਮ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ। ਕਪਤਾਨ ਰੋਹਿਤ ਸ਼ਰਮਾ ਨੇ ਛੇ ਦੌੜਾਂ, ਵਿਰਾਟ ਕੋਹਲੀ ਨੇ ਛੇ ਦੌੜਾਂ ਬਣਾਈਆਂ ਅਤੇ ਲੰਬੇ ਸਮੇਂ ਬਾਅਦ ਟੈਸਟ ਕ੍ਰਿਕਟ ‘ਚ ਵਾਪਸੀ ਕਰਨ ਵਾਲੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕੁਝ ਖਾਸ ਨਹੀਂ ਕਰ ਸਕੇ ਅਤੇ 39 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ |
ਇਸਦੇ ਨਾਲ ਹੀ ਸ਼ੁਭਮਨ ਗਿੱਲ ਦਾ ਬੱਲਾ ਪੂਰੀ ਤਰ੍ਹਾਂ ਫਲਾਪ ਰਿਹਾ ਅਤੇ ਉਹ ਆਪਣਾ ਦੌੜਾਂ ਦਾ ਖਾਤਾ ਵੀ ਨਹੀਂ ਖੋਲ੍ਹ ਸਕੇ | ਇਸ ਦੇ ਨਾਲ ਹੀ ਕੇਐੱਲ ਰਾਹੁਲ ਵੀ ਪਹਿਲੀ ਪਾਰੀ ‘ਚ ਪ੍ਰਭਾਵ ਨਹੀਂ ਪਾ ਸਕੇ ਅਤੇ 16 ਦੌੜਾਂ ਬਣਾ ਕੇ ਛੇਵੇਂ ਬੱਲੇਬਾਜ਼ ਵਜੋਂ ਆਊਟ ਹੋ ਗਏ।
ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਹਸਨ ਮਹਿਮੂਦ ਨੇ ਭਾਰਤ ਨੂੰ ਸ਼ੁਰੂਆਤੀ ਝਟਕੇ ਦਿੱਤੇ ਅਤੇ ਮਹਿਮੂਦ ਨੇ ਚਾਰ ਵਿਕਟਾਂ ਲੈ ਕੇ ਭਾਰਤੀ ਸਿਖਰਲੇ ਕ੍ਰਮ ਨੂੰ ਢਾਹ ਲਾਈ। ਉੱਥੇ ਪਹਿਲੇ ਦਿਨ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਯਸ਼ਸਵੀ ਜੈਸਵਾਲ ਦੀ ਤਿਕੜੀ ਨੇ ਭਾਰਤ ਦੀ ਕਮਾਨ ਸੰਭਾਲੀ ਅਤੇ ਇਸ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾਇਆ।
ਭਾਰਤ ਦੇ ਸਟਾਰ ਬੱਲੇਬਾਜ਼ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਨਜ਼ਰ ਆਏ, ਉਥੇ ਜਡੇਜਾ ਅਤੇ ਅਸ਼ਵਿਨ ਨੇ ਸ਼ਾਨਦਾਰ ਪਾਰੀਆਂ ਖੇਡ ਕੇ ਭਾਰਤ ਨੂੰ ਮੁਸੀਬਤ ਤੋਂ ਬਚਾਇਆ । ਇਸ ਦੌਰਾਨ ਅਸ਼ਵਿਨ ਨੇ ਆਪਣੇ ਟੈਸਟ ਕਰੀਅਰ ਦਾ ਛੇਵਾਂ ਸੈਂਕੜਾ ਵੀ ਪੂਰਾ ਕੀਤਾ। ਪਹਿਲੇ ਦਿਨ ਦੀ ਖੇਡ (IND vs BAN) ਖਤਮ ਹੋਣ ਤੱਕ ਅਸ਼ਵਿਨ 112 ਗੇਂਦਾਂ ‘ਤੇ 10 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 102 ਦੌੜਾਂ ਬਣਾ ਕੇ ਨਾਬਾਦ ਸਨ ਅਤੇ ਜਡੇਜਾ 117 ਗੇਂਦਾਂ ‘ਤੇ 10 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 86 ਦੌੜਾਂ ਬਣਾ ਕੇ ਨਾਬਾਦ ਸਨ। ਪਹਿਲੇ ਦਿਨ ਬੰਗਲਾਦੇਸ਼ ਲਈ ਮਹਿਮੂਦ ਤੋਂ ਇਲਾਵਾ ਨਾਹਿਦ ਰਾਣਾ ਅਤੇ ਮੇਹਦੀ ਹਸਨ ਮਿਰਾਜ ਨੇ ਇਕ-ਇਕ ਵਿਕਟ ਲਈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤ ਦਾ ਟਾਪ ਆਰਡਰ ਢਹਿ ਗਿਆ ਸੀ। ਯਸ਼ਸਵੀ ਜੈਸਵਾਲ ਨੇ ਰਿਸ਼ਭ ਪੰਤ ਨਾਲ ਮਿਲ ਕੇ ਚੌਥੀ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਕੀਤੀ। ਪੰਤ 39 ਦੌੜਾਂ ਬਣਾ ਕੇ ਆਊਟ ਹੋ ਗਏ। ਉਥੇ ਹੀ ਯਸ਼ਸਵੀ ਨੇ 56 ਦੌੜਾਂ ਦੀ ਪਾਰੀ ਖੇਡੀ। ਕੇਐਲ ਰਾਹੁਲ ਫਿਰ ਫਲਾਪ ਰਹੇ ਅਤੇ 16 ਦੌੜਾਂ ਬਣਾ ਸਕੇ।