ਸਪੋਰਟਸ, 27 ਅਕਤੂਬਰ 2025: ਐਡਮ ਜੰਪਾ ਨੂੰ 29 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਭਾਰਤ ਖ਼ਿਲਾਫ ਪੰਜ ਮੈਚਾਂ ਦੀ ਟੀ-20 ਘਰੇਲੂ ਸੀਰੀਜ਼ ਦੇ ਪਹਿਲੇ ਮੈਚ ਲਈ ਆਸਟ੍ਰੇਲੀਆਈ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਲੈੱਗ-ਸਪਿਨਰ ਤਨਵੀਰ ਸੰਘਾ ਨੂੰ ਚੁਣਿਆ ਹੈ। ਜੰਪਾ ਨਿੱਜੀ ਕਾਰਨਾਂ ਕਰਕੇ ਸੀਰੀਜ਼ ਦੇ ਪਹਿਲੇ ਮੈਚ ਤੋਂ ਹਟ ਗਏ।
ਕ੍ਰਿਕਟ ਆਸਟ੍ਰੇਲੀਆ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਸੰਘਾ ਕੈਨਬਰਾ ‘ਚ ਟੀਮ ‘ਚ ਸ਼ਾਮਲ ਹੋਣਗੇ, ਜਿੱਥੇ ਪਹਿਲਾ ਟੀ-20 ਬੁੱਧਵਾਰ ਨੂੰ ਮਨੂਕਾ ਓਵਲ ‘ਚ ਖੇਡਿਆ ਜਾਵੇਗਾ। 23 ਸਾਲਾ ਖਿਡਾਰੀ ਨੇ ਆਖਰੀ ਵਾਰ 2023 ‘ਚ ਟੀ-20 ਅੰਤਰਰਾਸ਼ਟਰੀ ਖੇਡਿਆ ਸੀ। ਉਸ ਸਮੇਂ ਦੌਰਾਨ, ਉਸਨੇ ਸੱਤ ਮੈਚਾਂ ‘ਚ 10 ਵਿਕਟਾਂ ਲਈਆਂ, ਜਿਸ ‘ਚ ਉਸਦਾ ਸਭ ਤੋਂ ਵਧੀਆ ਅੰਕੜਾ ਦੱਖਣੀ ਅਫਰੀਕਾ ਵਿਰੁੱਧ ਡਰਬਨ ‘ਚ 31 ਦੌੜਾਂ ਦੇ ਕੇ 4 ਵਿਕਟਾਂ ਸਨ।
ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਅਤੇ ਟੈਸਟ ਕਪਤਾਨ ਪੈਟ ਕਮਿੰਸ ਪਿੱਠ ਦੀ ਸੱਟ ਕਾਰਨ 21 ਨਵੰਬਰ ਨੂੰ ਪਰਥ ‘ਚ ਸ਼ੁਰੂ ਹੋਣ ਵਾਲੇ ਪਹਿਲੇ ਐਸ਼ੇਜ਼ ਟੈਸਟ ‘ਚ ਨਹੀਂ ਖੇਡਣਗੇ। ਸਟੀਵ ਸਮਿਥ ਉਨ੍ਹਾਂ ਦੀ ਜਗ੍ਹਾ ਆਸਟ੍ਰੇਲੀਆਈ ਟੀਮ ਦੀ ਕਪਤਾਨੀ ਕਰਨਗੇ। ਕਮਿੰਸ ਦੀ ਸੱਟ ਦੀਆਂ ਖ਼ਬਰਾਂ ਸਤੰਬਰ ‘ਚ ਵੈਸਟਇੰਡੀਜ਼ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਸਾਹਮਣੇ ਆਈਆਂ, ਜਦੋਂ ਉਨ੍ਹਾਂ ਨੂੰ ਪਿੱਠ ‘ਚ ਦਰਦ ਹੋਣ ਤੋਂ ਬਾਅਦ ਰੀੜ੍ਹ ਦੀ ਹੱਡੀ ਦੀ ਸੱਟ ਦਾ ਪਤਾ ਲੱਗਿਆ। ਕ੍ਰਿਕਟ ਆਸਟ੍ਰੇਲੀਆ ਨੇ ਸੋਮਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਕਮਿੰਸ ਨੇ ਦੌੜਨਾ ਦੁਬਾਰਾ ਸ਼ੁਰੂ ਕਰ ਦਿੱਤਾ ਹੈ ਅਤੇ ਜਲਦੀ ਹੀ ਗੇਂਦਬਾਜ਼ੀ ‘ਚ ਵਾਪਸੀ ਦੀ ਉਮੀਦ ਹੈ।
Read More: IND ਬਨਾਮ AUS: ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਪਾਰੀ ਬਦੌਲਤ ਭਾਰਤ ਨੇ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾਇਆ




