July 5, 2024 7:26 pm
Surya Kumar Yadav

IND vs AUS: ਪਹਿਲੀ ਵਾਰ ਟੈਸਟ ਮੈਚ ਲਈ ਚੁਣੇ ਗਏ ਸੂਰਿਆ ਕੁਮਾਰ ਯਾਦਵ ਅਤੇ ਈਸ਼ਾਨ ਕਿਸ਼ਨ

ਚੰਡੀਗੜ੍ਹ 14 ਜਨਵਰੀ 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਫਰਵਰੀ-ਮਾਰਚ ‘ਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ। ਬੀਸੀਸੀਆਈ ਨੇ ਪਹਿਲੇ ਦੋ ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸੱਟ ਕਾਰਨ ਬੰਗਲਾਦੇਸ਼ ਖ਼ਿਲਾਫ਼ ਟੈਸਟ ਸੀਰੀਜ਼ ‘ਚ ਨਹੀਂ ਖੇਡੇ ਗਏ ਕਪਤਾਨ ਰੋਹਿਤ ਸ਼ਰਮਾ ਦੀ ਵਾਪਸੀ ਹੋਈ ਹੈ। ਸੂਰਿਆ ਕੁਮਾਰ ਯਾਦਵ (Surya Kumar Yadav) ਅਤੇ ਈਸ਼ਾਨ ਕਿਸ਼ਨ (Ishan Kishan) ਨੂੰ ਪਹਿਲੀ ਵਾਰ ਟੈਸਟ ਮੈਚ ਖੇਡਣਗੇ |

ਇਸ ਦੇ ਨਾਲ ਹੀ ਕਾਰ ਹਾਦਸੇ ‘ਚ ਜ਼ਖਮੀ ਹੋਏ ਰਿਸ਼ਭ ਪੰਤ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਵਿਕਟਕੀਪਰ ਵਜੋਂ ਸ਼ਾਮਲ ਕੀਤਾ ਗਿਆ ਹੈ।ਕੇਐਸ ਭਰਤ ਦੂਜੇ ਵਿਕਟਕੀਪਰ ਹੋਣਗੇ। ਇਸ ਤੋਂ ਇਲਾਵਾ ਟੀ-20 ਕ੍ਰਿਕਟ ‘ਚ ਧਮਾਕਾ ਕਰਨ ਵਾਲੇ ਸੂਰਿਆ ਕੁਮਾਰ ਯਾਦਵ (Surya Kumar Yadav) ਨੂੰ ਵੀ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਇਨ੍ਹਾਂ ਦੋਹਾਂ ਦੇ ਟੈਸਟ ਟੀਮ ‘ਚ ਆਉਣ ਤੋਂ ਬਾਅਦ ਤੋਂ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਟੀਮ ਇੰਡੀਆ ਆਸਟ੍ਰੇਲੀਆ ਖ਼ਿਲਾਫ਼ ਹਮਲਾਵਰ ਕ੍ਰਿਕਟ ਦਾ ਪ੍ਰਦਰਸ਼ਨ ਕਰੇਗੀ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਲਈ ਟੀਮ ਇੰਡੀਆ ਲਈ ਆਸਟ੍ਰੇਲੀਆ ਖ਼ਿਲਾਫ਼ ਸੀਰੀਜ਼ ਬਹੁਤ ਮਹੱਤਵਪੂਰਨ ਹੈ।

ਭਾਰਤੀ ਟੀਮ ਨੂੰ ਇਸ ਸੀਰੀਜ਼ ‘ਚ ਘੱਟੋ-ਘੱਟ ਦੋ ਮੈਚ ਜਿੱਤਣੇ ਹੋਣਗੇ। ਜੇਕਰ ਸੀਰੀਜ਼ ਹਾਰ ਜਾਂਦੀ ਹੈ ਤਾਂ ਭਾਰਤੀ ਟੀਮ ਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਹਰ ਹੋਣ ਦਾ ਖ਼ਤਰਾ ਪੈਦਾ ਹੋ ਜਾਵੇਗਾ। ਅਜਿਹੇ ‘ਚ ਭਾਰਤ ਦੇ ਦੋ ਧਮਾਕੇਦਾਰ ਬੱਲੇਬਾਜ਼ਾਂ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਲਈ ਭਾਰਤੀ ਟੀਮ:

ਰੋਹਿਤ ਸ਼ਰਮਾ (ਕਪਤਾਨ), ਕੇਐੱਲ ਰਾਹੁਲ (ਉਪ-ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ.ਐੱਸ. ਭਰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਮੋ. ਸਿਰਾਜ, ਉਮੇਸ਼ ਯਾਦਵ, ਜੈਦੇਵ ਉਨਾਦਕਟ, ਸੂਰਿਆ ਕੁਮਾਰ ਯਾਦਵ।