ਚੰਡੀਗੜ੍ਹ, 18 ਨਵੰਬਰ 2023: ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਕਿਹਾ ਕਿ ਅਸੀਂ ਫਾਈਨਲ ਮੈਚ ਉਸੇ ਤਰ੍ਹਾਂ ਖੇਡਾਂਗੇ ਜਿਸ ਤਰ੍ਹਾਂ ਅਸੀਂ ਇਸ ਟੂਰਨਾਮੈਂਟ ‘ਚ ਖੇਡ ਰਹੇ ਹਾਂ। ਅਸੀਂ ਅਜੇ ਫਾਈਨਲ ਦੇ ਪਲੇਇੰਗ ਇਲੈਵਨ ਦਾ ਫੈਸਲਾ ਨਹੀਂ ਕੀਤਾ ਹੈ। ਅਸੀਂ ਟਾਸ ਦੇ ਸਮੇਂ ਪਿੱਚ ਦੇ ਹਲਾਤਾਂ ਦੇ ਹਿਸਾਬ ਨਾਲ ਫੈਸਲਾ ਕਰਾਂਗੇ ਕਿ ਸਾਡੀਆਂ ਖੂਬੀਆਂ ਕੀ ਹਨ ਅਤੇ ਆਸਟ੍ਰੇਲੀਆ ਦੀਆਂ ਕਮਜ਼ੋਰੀਆਂ ਕੀ ਹੋ ਸਕਦੀਆਂ ਹਨ।
ਰੋਹਿਤ ਸ਼ਰਮਾ ਨੇ ਇਹ ਗੱਲਾਂ ਸ਼ਨੀਵਾਰ ਨੂੰ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ‘ਚ ਕਹੀਆਂ। ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ।
ਇਕ ਸਵਾਲ ‘ਤੇ ਰੋਹਿਤ (Rohit Sharma) ਨੇ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਕਿ ਇਹ ਬਹੁਤ ਵੱਡਾ ਮੌਕਾ ਹੈ। ਇਹ ਪੇਸ਼ੇਵਰ ਖਿਡਾਰੀਆਂ ਲਈ ਚੁਣੌਤੀਪੂਰਨ ਹੈ। ਅਸੀਂ ਜੋ ਵੀ ਸੁਪਨਾ ਦੇਖਿਆ ਹੈ, ਅਸੀਂ ਉੱਥੇ ਹਾਂ। ਇਹ ਸਾਡੇ ਕਰੀਅਰ ਦਾ ਸਭ ਤੋਂ ਵੱਡਾ ਮੌਕਾ ਹੈ ਅਤੇ ਸਾਨੂੰ ਆਪਣੀ ਰਣਨੀਤੀ ਨੂੰ ਬਿਹਤਰ ਢੰਗ ਨਾਲ ਅਪਣਾਉਣਾ ਹੋਵੇਗਾ। ਅਜਿਹਾ ਹਰ ਰੋਜ਼ ਨਹੀਂ ਹੁੰਦਾ ਕਿ ਤੁਹਾਨੂੰ ਵਿਸ਼ਵ ਕੱਪ ਫਾਈਨਲ ਖੇਡਣ ਦਾ ਮੌਕਾ ਮਿਲੇ। ਮੈਂ ਵਨਡੇ ਵਿਸ਼ਵ ਕੱਪ ਦੇਖ ਕੇ ਵੱਡਾ ਹੋਇਆ ਹਾਂ, ਇਸ ਲਈ ਇਹ ਮੇਰੇ ਲਈ ਸਭ ਤੋਂ ਵੱਡਾ ਮੌਕਾ ਹੈ।
ਟਾਸ ਕੋਈ ਵੱਡਾ ਫੈਕਟਰ ਨਹੀਂ :-
ਟਾਸ ‘ਤੇ ਰੋਹਿਤ ਸ਼ਰਮਾ ਨੇ ਕਿਹਾ ਕਿ ਪਿੱਚ ‘ਤੇ ਕੁਝ ਘਾਹ ਹੈ। ਭਾਰਤ-ਪਾਕਿਸਤਾਨ ਦੀ ਵਿਕਟ ਬਹੁਤ ਖੁਸ਼ਕ ਸੀ। ਮੇਰੀ ਸਮਝ ਵਿੱਚ, ਵਿਕਟ ਹੌਲੀ ਹੋਣ ਵਾਲੀ ਹੈ। ਅਸੀਂ ਕੱਲ੍ਹ ਪਿੱਚ ਦੇਖਾਂਗੇ ਅਤੇ ਇਸਦਾ ਮੁਲਾਂਕਣ ਕਰਾਂਗੇ। ਤਾਪਮਾਨ ਵਿੱਚ ਵੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਮੈਨੂੰ ਨਹੀਂ ਪਤਾ ਕਿ ਤ੍ਰੇਲ ਗੇਮ ਦੀ ਕਿਵੇਂ ਮੱਦਦ ਕਰੇਗੀ। ਮੈਨੂੰ ਨਹੀਂ ਲੱਗਦਾ ਕਿ ਟਾਸ ਕੋਈ ਵੱਡੀ ਭੂਮਿਕਾ ਨਿਭਾਏਗਾ।