ਚੰਡੀਗੜ੍ਹ, 17 ਮਾਰਚ 2023: (IND vs AUS) ਭਾਰਤ ਅਤੇ ਆਸਟ੍ਰੇਲੀਆ (Australia) ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਵਨਡੇ ਵਿਸ਼ਵ ਕੱਪ ਦੀ ਤਿਆਰੀ ਦੇ ਲਿਹਾਜ਼ ਨਾਲ ਇਹ ਸੀਰੀਜ਼ ਦੋਵਾਂ ਟੀਮਾਂ ਲਈ ਅਹਿਮ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੇ ਸਾਹਮਣੇ 189 ਦੌੜਾਂ ਦਾ ਟੀਚਾ ਰੱਖਿਆ ਹੈ।
ਕੰਗਾਰੂ (Australia) ਟੀਮ 35.4 ਓਵਰਾਂ ‘ਚ 188 ਦੌੜਾਂ ‘ਤੇ ਸਿਮਟ ਗਈ। ਇਕ ਸਮੇਂ ਆਸਟ੍ਰੇਲੀਆ ਦਾ ਸਕੋਰ ਦੋ ਵਿਕਟਾਂ ‘ਤੇ 129 ਦੌੜਾਂ ਸੀ, ਜਿਸ ਤੋਂ ਬਾਅਦ ਟੀਮ ਨੇ 59 ਦੌੜਾਂ ‘ਤੇ ਅੱਠ ਵਿਕਟਾਂ ਗੁਆ ਦਿੱਤੀਆਂ। ਆਸਟ੍ਰੇਲੀਆ ਨੇ 19.3 ਓਵਰਾਂ ‘ਚ ਦੋ ਵਿਕਟਾਂ ‘ਤੇ 129 ਦੌੜਾਂ ਬਣਾਈਆਂ ਸਨ। ਉਦੋਂ ਮਿਸ਼ੇਲ ਮਾਰਸ਼ ਅਤੇ ਮਾਰਨਸ ਲਾਬੂਸ਼ੇਨ ਕ੍ਰੀਜ਼ ‘ਤੇ ਸਨ।
ਰਵਿੰਦਰ ਜਡੇਜਾ ਨੇ ਮਾਰਸ਼ ਨੂੰ ਆਊਟ ਕੀਤਾ ਅਤੇ ਇਸ ਤੋਂ ਬਾਅਦ ਪੂਰੀ ਟੀਮ 35.4 ਓਵਰਾਂ ਵਿੱਚ ਹੀ ਢਹਿ ਗਈ। ਆਸਟ੍ਰੇਲੀਆ ਲਈ ਮਿਸ਼ੇਲ ਮਾਰਸ਼ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 65 ਗੇਂਦਾਂ ‘ਤੇ 81 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕੋਈ ਬੱਲੇਬਾਜ਼ ਨਹੀਂ ਚੱਲਿਆ। ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਨੇ ਤਿੰਨ-ਤਿੰਨ ਵਿਕਟਾਂ ਲਈਆਂ।