Mohammad Shami

IND vs AUS: ਮੁਹੰਮਦ ਸ਼ਮੀ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 400 ਵਿਕਟਾਂ ਕੀਤੀਆਂ ਪੂਰੀਆਂ

ਚੰਡੀਗੜ੍ਹ, 09 ਫਰਵਰੀ 2023: ਬਾਰਡਰ ਗਾਵਸਕਰ ਟਰਾਫੀ ਦੇ ਤਹਿਤ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਨਾਗਪੁਰ ‘ਚ ਸ਼ੁਰੂ ਹੋ ਗਿਆ ਹੈ। ਮੈਚ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ ਨੂੰ ਆਪਣੇ ਸਲਾਮੀ ਬੱਲੇਬਾਜ਼ਾਂ ਤੋਂ ਚੰਗੀ ਸ਼ੁਰੂਆਤ ਦੀ ਉਮੀਦ ਸੀ ਪਰ ਭਾਰਤ ਦੀ ਤੇਜ਼ ਗੇਂਦਬਾਜ਼ੀ ਨੇ ਅਜਿਹਾ ਨਹੀਂ ਹੋਣ ਦਿੱਤਾ। ਇਸ ਦੇ ਨਾਲ ਹੀ ਮੁਹੰਮਦ ਸ਼ਮੀ (Mohammad Shami) ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 400 ਵਿਕਟਾਂ ਪੂਰੀਆਂ ਕਰ ਲਈਆਂ ਹਨ। ਪਹਿਲਾਂ ਮੁਹੰਮਦ ਸਿਰਾਜ ਨੇ ਉਸਮਾਨ ਖਵਾਜਾ ਨੂੰ ਐਲਬੀਡਬਲਿਊ ਆਊਟ ਕੀਤਾ ਅਤੇ ਫਿਰ ਦੂਜੇ ਸਿਰੇ ‘ਤੇ ਮੁਹੰਮਦ ਸ਼ਮੀ ਨੇ ਡੇਵਿਡ ਵਾਰਨਰ ਨੂੰ ਕਲੀਨ ਬੋਲਡ ਕੀਤਾ।

ਸ਼ਮੀ (Mohammad Shami) ਭਾਰਤ ਵੱਲੋਂ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲੇ 9ਵੇਂ ਗੇਂਦਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਭਾਰਤ ਦਾ ਪੰਜਵਾਂ ਤੇਜ਼ ਗੇਂਦਬਾਜ਼ ਵੀ ਬਣ ਗਿਆ ਹੈ, ਜਿਸ ਦੇ ਨਾਂ ਹੁਣ ਅੰਤਰਰਾਸ਼ਟਰੀ ਕ੍ਰਿਕਟ ‘ਚ 400 ਜਾਂ ਇਸ ਤੋਂ ਵੱਧ ਵਿਕਟਾਂ ਦਰਜ ਹੋ ਗਈਆਂ ਹਨ।

ਅਨਿਲ ਕੁੰਬਲੇ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਹਨ। ਕੁੰਬਲੇ ਨੇ 953 ਅੰਤਰਰਾਸ਼ਟਰੀ ਵਿਕਟਾਂ ਲਈਆਂ ਹਨ। ਦੂਜੇ ਨੰਬਰ ‘ਤੇ ਹਰਭਜਨ ਸਿੰਘ ਹਨ, ਜਿਨ੍ਹਾਂ ਦੇ ਨਾਂ 707 ਅੰਤਰਰਾਸ਼ਟਰੀ ਵਿਕਟਾਂ ਹਨ। ਇਸ ਤੋਂ ਇਲਾਵਾ ਤੀਜੇ ਨੰਬਰ ‘ਤੇ ਕਪਿਲ ਦੇਵ ਹਨ, ਜਿਨ੍ਹਾਂ ਦੇ ਨਾਂ 687 ਵਿਕਟਾਂ ਹਨ।

 

Scroll to Top