ਚੰਡੀਗੜ੍ਹ, 17 ਫਰਵਰੀ 2023: (IND vs AUS 2nd Test) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਦਿੱਲੀ ‘ਚ ਖੇਡਿਆ ਜਾ ਰਿਹਾ ਹੈ। ਚਾਰ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ ਪਾਰੀ ਅਤੇ 132 ਦੌੜਾਂ ਨਾਲ ਜਿੱਤ ਲਿਆ ਸੀ। ਹੁਣ ਭਾਰਤ ਦੀ ਕੋਸ਼ਿਸ਼ ਦੂਜੇ ਮੈਚ ਨੂੰ ਵੀ ਜਿੱਤ ਕੇ ਸੀਰੀਜ਼ ‘ਚ ਅਜੇਤੂ ਬੜ੍ਹਤ ਹਾਸਲ ਕਰਨ ਦੀ ਹੋਵੇਗੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ ਪਹਿਲੀ ਪਾਰੀ ‘ਚ 263 ਦੌੜਾਂ ਬਣਾਈਆਂ।
ਆਸਟਰੇਲੀਆ ਦੀਆਂ 263 ਦੌੜਾਂ ਦੇ ਜਵਾਬ ਵਿੱਚ ਭਾਰਤ ਦੀ ਬੱਲੇਬਾਜ਼ੀ ਸ਼ੁਰੂ ਹੋ ਗਈ ਹੈ। ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਦੀ ਸਲਾਮੀ ਜੋੜੀ ਕ੍ਰੀਜ਼ ‘ਤੇ ਹੈ। ਦੋਵੇਂ ਬੱਲੇਬਾਜ਼ ਅੱਜ ਦੀ ਖੇਡ ਦੇ ਅੰਤ ਤੱਕ ਬੱਲੇਬਾਜ਼ੀ ਕਰਨਾ ਚਾਹੁਣਗੇ ਅਤੇ ਦੂਜੇ ਦਿਨ ਵੱਡੀ ਪਾਰੀ ਖੇਡਣ ਦੀ ਕੋਸ਼ਿਸ਼ ਕਰਨਗੇ। ਪਹਿਲੇ ਓਵਰ ਦੇ ਅੰਤ ਤੱਕ ਭਾਰਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ ਪੰਜ ਦੌੜਾਂ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਨੇ ਚੰਗੀ ਸ਼ੁਰੂਆਤ ਕੀਤੀ। ਵਾਰਨਰ ਅਤੇ ਖਵਾਜਾ ਨੇ ਪਹਿਲੀ ਵਿਕਟ ਲਈ 50 ਦੌੜਾਂ ਜੋੜੀਆਂ। ਵਾਰਨਰ 15 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਲਾਬੂਸ਼ੇਨ ਅਤੇ ਸਟੀਵ ਸਮਿਥ ਲਗਾਤਾਰ ਗੇਂਦਾਂ ‘ਤੇ ਅਸ਼ਵਿਨ ਦਾ ਸ਼ਿਕਾਰ ਬਣੇ।
ਲਾਬੂਸ਼ੇਨ ਨੇ 18 ਦੌੜਾਂ ਬਣਾਈਆਂ ਅਤੇ ਸਮਿਥ ਪਹਿਲੀ ਗੇਂਦ ‘ਤੇ ਹੀ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ। ਟਰੈਵਿਸ ਹੈੱਡ ਵੀ 12 ਦੌੜਾਂ ਬਣਾ ਕੇ ਸ਼ਮੀ ਦਾ ਦੂਜਾ ਸ਼ਿਕਾਰ ਬਣੇ। ਇਸ ਤੋਂ ਬਾਅਦ ਹੀ ਉਸਮਾਨ ਖਵਾਜਾ ਵੀ 81 ਦੌੜਾਂ ਬਣਾ ਕੇ ਜਡੇਜਾ ਦਾ ਸ਼ਿਕਾਰ ਬਣੇ। ਰਾਹੁਲ ਨੇ ਸ਼ਾਨਦਾਰ ਕੈਚ ਲੈ ਕੇ ਉਸ ਨੂੰ ਪੈਵੇਲੀਅਨ ਭੇਜ ਦਿੱਤਾ।
ਛੇਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਪੀਟਰ ਹੈਂਡਸਕੌਂਬ ਨੇ ਇਕ ਸਿਰੇ ‘ਤੇ ਬੱਲੇਬਾਜ਼ੀ ਕੀਤੀ। ਉਹ 72 ਦੌੜਾਂ ਬਣਾ ਕੇ ਨਾਬਾਦ ਰਹੇ । ਕਪਤਾਨ ਪੈਟ ਕਮਿੰਸ ਨੇ 33 ਦੌੜਾਂ ਬਣਾਈਆਂ ਅਤੇ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਇਸ ਦੇ ਨਾਲ ਹੀ ਨਾਥਨ ਲਿਓਨ 10 ਦੌੜਾਂ ਬਣਾ ਕੇ ਆਊਟ ਹੋ ਗਏ।